ਭਾਈ ਰਾਜੋਆਣਾ ਨਾਲ ਜੇਲ੍ਹ ‘ਚ ਮੁਲਾਕਾਤ ਕਰਨ ਉਪਰੰਤ ਬੋਲੇ ਜਥੇਦਾਰ ਕੁਲਦੀਪ ਗੜਗੱਜ

ਫੈਕਟ ਸਮਾਚਾਰ ਸੇਵਾ

ਪਟਿਆਲਾ , ਸਤੰਬਰ 29

ਕੇਂਦਰੀ ਜੇਲ੍ਹ ਪਟਿਆਲਾ ਵਿੱਚ ਬੰਦ ਬਲਵੰਤ ਸਿੰਘ ਰਾਜੋਆਣਾ ਨਾਲ ਮੁਲਾਕਾਤ ਕਰਨ ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਧਨੋਲਾ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਬਲਵੰਤ ਸਿੰਘ ਰਾਜੋਆਣਾ ਚੜਦੀਕਲਾ ਵਿਚ ਹਨ ਅਤੇ ਉਨ੍ਹਾਂ ਨੇ ਆਪਣੀ ਫਾਂਸੀ ਦੀ ਸਜ਼ਾ ਬਾਰੇ ਜਲਦ ਫੈਸਲਾ ਲੈਣ ਦੀ ਗੱਲ ਫਿਰ ਦੁਹਰਾਹੀ ਹੈ। ਜਥੇਦਾਰ ਕੁਲਦੀਪ ਸਿੰਘ ਗੱੜਗੱਜ ਨੇ ਆਖਿਆ ਕਿ ਕੇਂਦਰ ਸਰਕਾਰ ਵੱਲੋਂ ਰਾਜੋਆਣਾ ਦੀ ਪਟੀਸ਼ਨ ‘ਤੇ ਕੋਈ ਫੈਸਲਾ ਨਾ ਕਰਨਾ ਮਨੁੱਖੀ ਅਧਿਕਾਰਾਂ ਦਾ ਘਾਣ ਹੈ ਕਿਉਂਕਿ ਪਿਛਲੇ 32 ਸਾਲਾਂ ਤੋਂ ਜੇਲ੍ਹ ਵਿਚ ਬੰਦ ਰਾਜੋਆਣਾ ਨਾਲ ਬੇਇਨਸਾਫੀ ਹੈ। ਉਨ੍ਹਾਂ ਕਿਹਾ ਕਿ ਜਦੋਂ ਹੋਰਨਾਂ ਕੈਦੀਆਂ ਨੂੰ ਸਾਲ ਵਿਚ ਕਈ ਵਾਰ ਪੈਰੋਲ ਮਿਲ ਸਕਦੀ ਹੈ ਤਾਂ ਸਿੱਖ ਬੰਦੀ ਸਿੰਘਾਂ ਬਾਰੇ ਕੇਂਦਰ ਸਰਕਾਰ ਦੋਗਲੀ ਨੀਤੀ ਅਪਣਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਬਲਵੰਤ ਸਿੰਘ ਰਾਜੋਆਣਾ ਦਾ ਕਹਿਣਾ ਹੈ ਕਿ ਉਹ ਕੋਈ ਰਹਿਮ ਦੀ ਅਪੀਲ ਨਹੀਂ ਕਰਨਗੇ ਪਰ ਇਸ ਮਸਲੇ ਨੂੰ ਕੇਂਦਰ ਸਰਕਾਰ ਜਲਦ ਤੋਂ ਜਲਦ ਸਿਰੇ ਲਾਵੇ। ਜਥੇਦਾਰ ਨੇ ਦੱਸਿਆ ਕਿ ਰਾਜੋਆਣਾ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਕੋਈ ਫੈਸਲਾ ਨਹੀ ਲੈਂਦੀ ਤਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਸਿੱਖ ਸੰਗਤ ਕੋਈ ਫੈਸਲਾ ਲਵੇ,ਜਿਸ ਸਬੰਧੀ ਜਲਦ ਪੰਜ ਸਿੰਘ ਸਹਿਬਾਨਾਂ ਦੀ ਇਕੱਤਰਤਾ ਸੱਦੀ ਜਾਵੇਗੀ। ਐਸਜੀਪੀਸੀ ਪ੍ਰਧਾਨ ਧਾਮੀ ਨੇ ਆਖਿਆ ਕਿ ਸਰਕਾਰ ਅਜਿਹੇ ਸੰਵੇਦਨਸੀਲ ਮੁੱਦੇ ਨੂੰ ਗੰਭੀਰ ਹੀ ਨਹੀਂ ਲੈ ਰਹੀ। ਚਾਵਲਾ ਮਾਮਲੇ ‘ਤੇ ਐਸਜੀਪੀਸੀ ਪ੍ਰਧਾਨ ਪੱਤਰਕਾਰਾਂ ਦੇ ਸਵਾਲਾਂ ਤੋ ਇਹ ਕਹਿੰਦੇ ਟਾਲਾ ਵੱਟ ਗਏ ਕਿ ਅੱਜ ਦਾ ਮੁੱਦਾ ਸਿਰਫ ਰਾਜੋਆਣਾ ਦੀ ਮੁਲਾਕਾਤ ਦਾ ਹੈ।

Leave a Reply

Your email address will not be published. Required fields are marked *

View in English