ਬੈਂਕ ਲੁੱਟਣ ਆਏ ਲੁਟੇਰਿਆਂ ਦੇ ਛੁੱਟੇ ਪਸੀਨੇ, ਸਕਿਉਰਟੀ ਗਾਰਡ ਨਾਲ ਭਿੜੇ ਨਕਾਬਪੋਸ਼

ਫੈਕਟ ਸਮਾਚਾਰ ਸੇਵਾ

ਜੰਡਿਆਲਾ ਗੁਰੂ , ਸਤੰਬਰ 10

ਜੰਡਿਆਲਾ ਗੁਰੂ ਸਥਾਨਕ ਘਾਹ ਮੰਡੀ ਚੌਂਕ ਨੇੜੇ ਸਥਿਤ ਯੂਨੀਅਨ ਬੈਂਕ ਵਿੱਚ ਅੱਜ ਪੰਜ ਨਕਾਬਪੋਸ਼ ਲੁਟੇਰਿਆਂ ਵੱਲੋਂ ਬੈਂਕ ਲੁੱਟਣ ਦੀ ਨਾਕਾਮ ਕੋਸ਼ਿਸ਼ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਬੈਂਕ ਦੇ ਸਕਿਉਰਟੀ ਗਾਰਡ ਵੱਲੋਂ ਦਿਖਾਈ ਗਈ ਹਿੰਮਤ ਅਤੇ ਤੁਰੰਤ ਕਾਰਵਾਈ ਕਾਰਨ ਲੁਟੇਰੇ ਬਿਨਾਂ ਕੋਈ ਲੁੱਟ ਕੀਤੇ ਮੌਕੇ ਤੋਂ ਫਰਾਰ ਹੋ ਗਏ, ਜਿਸ ਨਾਲ ਬੈਂਕ ਵਿੱਚ ਵੱਡੀ ਵਾਰਦਾਤ ਹੋਣੋਂ ਟਲ ਗਈ।ਬੈਂਕ ਮੈਨੇਜਰ ਮੁਕੇਸ਼ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੈਂਕ ਵਿੱਚ ਰੋਜ਼ਾਨਾ ਦੀ ਤਰ੍ਹਾਂ ਬੈਂਕਿੰਗ ਦਾ ਕੰਮ ਚੱਲ ਰਿਹਾ ਸੀ।

ਕਰੀਬ ਸਵਾ 11 ਵਜੇ ਪੰਜ ਵਿਅਕਤੀ ਬੈਂਕ ਵਿੱਚ ਦਾਖਲ ਹੋ ਕੇ ਗਾਹਕਾਂ ਵਾਲੀ ਕਤਾਰ ਵਿੱਚ ਬੈਠ ਗਏ ਅਤੇ ਵਾਊਚਰ ਭਰਨ ਲੱਗ ਪਏ। ਸਕਿਉਰਟੀ ਗਾਰਡ ਵੱਲੋਂ ਜਦੋਂ ਉਨ੍ਹਾਂ ਨੂੰ ਮੂੰਹ ਤੋਂ ਮਾਸਕ ਹਟਾਉਣ ਲਈ ਕਿਹਾ ਗਿਆ ਤਾਂ ਇਸੇ ਦੌਰਾਨ ਇੱਕ ਹੋਰ ਵਿਅਕਤੀ ਬੈਂਕ ਵਿੱਚ ਦਾਖਲ ਹੋਇਆ। ਦੱਸਿਆ ਜਾਂਦਾ ਹੈ ਕਿ ਲੁਟੇਰਿਆਂ ਵਿੱਚੋਂ ਇੱਕ ਨੇ ਗਾਰਡ ਦੇ ਪਿੱਛੇ ਜਾ ਕੇ ਉਸ ਦੇ ਮੂੰਹ ’ਤੇ ਕੋਈ ਸਪਰੇਅ ਛਿੜਕ ਦਿੱਤੀ।ਸਪਰੇਅ ਕੀਤੇ ਜਾਣ ਦੇ ਬਾਵਜੂਦ ਸਕਿਉਰਟੀ ਗਾਰਡ ਨੇ ਹਿੰਮਤ ਨਹੀਂ ਹਾਰੀ ਅਤੇ ਤੁਰੰਤ ਆਪਣੀ ਰਾਈਫਲ ਚੁੱਕ ਲਈ। ਗਾਰਡ ਵੱਲੋਂ ਰਾਈਫਲ ਚੁੱਕਦਿਆਂ ਹੀ ਸਾਰੇ ਲੁਟੇਰੇ ਘਬਰਾ ਕੇ ਬੈਂਕ ਵਿੱਚੋਂ ਬਾਹਰ ਦੌੜ ਗਏ। ਇਸ ਤਰ੍ਹਾਂ ਬੈਂਕ ਦਾ ਕਿਸੇ ਵੀ ਕਿਸਮ ਦਾ ਮਾਲੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਜੰਡਿਆਲਾ ਗੁਰੂ ਦੇ ਐੱਸ.ਐੱਚ.ਓ. ਹਰਪਾਲ ਸਿੰਘ ਤੁਰੰਤ ਪੁਲਿਸ ਟੀਮ ਸਮੇਤ ਮੌਕੇ ’ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਪੁਲਿਸ ਵੱਲੋਂ ਬੈਂਕ ਅੰਦਰ ਅਤੇ ਆਸ-ਪਾਸ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਨੂੰ ਬਾਰੀਕੀ ਨਾਲ ਖੰਗਾਲਿਆ ਜਾ ਰਿਹਾ ਹੈ। ਐੱਸ.ਐੱਚ.ਓ. ਹਰਪਾਲ ਸਿੰਘ ਨੇ ਦੱਸਿਆ ਕਿ ਸੀ.ਸੀ.ਟੀ.ਵੀ. ਫੁਟੇਜ ਦੇ ਆਧਾਰ ’ਤੇ ਦੋਸ਼ੀਆਂ ਦੀ ਪਛਾਣ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਬੈਂਕ ਦਾ ਕੋਈ ਨੁਕਸਾਨ ਨਹੀਂ ਹੋਇਆ ਅਤੇ ਸਕਿਉਰਟੀ ਗਾਰਡ ਵੱਲੋਂ ਦਿਖਾਈ ਗਈ ਤੁਰੰਤ ਹਿੰਮਤ ਅਤੇ ਸੂਝ-ਬੂਝ ਨਾਲ ਵੱਡੀ ਵਾਰਦਾਤ ਟਲ ਗਈ। ਐੱਸ.ਐੱਚ.ਓ. ਨੇ ਕਿਹਾ ਕਿ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ।

Leave a Reply

Your email address will not be published. Required fields are marked *

View in English