ਪੰਜਾਬ ’ਚ ਧੁੰਦ ਤੇ ਕੜਾਕੇ ਦੀ ਠੰਢ ਦਾ ਕਹਿਰ

ਫੈਕਟ ਸਮਾਚਾਰ ਸੇਵਾ

ਚੰਡੀਗੜ੍ਹ , ਦਸੰਬਰ 30

ਸੂਬੇ ’ਚ ਧੁੰਦ ਤੇ ਕੜਾਕੇ ਦੀ ਠੰਢ ਜਾਰੀ ਹੈ। ਸੂਬੇ ਦੇ ਕਈ ਜ਼ਿਲ੍ਹਿਆਂ ’ਚ ਅੱਜ ਵੀ ਸਵੇਰੇ ਸੰਘਣੀ ਧੁੰਦ ਛਾਈ ਰਹੀ। ਇਸ ਕਾਰਨ ਦਿਸਣ ਹੱਦ ਪ੍ਰਭਾਵਿਤ ਹੋਈ। ਲੁਧਿਆਣਾ, ਮੋਗਾ, ਜਲੰਧਰ, ਪਟਿਆਲਾ, ਰੋਪੜ, ਹੁਸ਼ਿਆਰਪੁਰ, ਬਠਿੰਡਾ, ਅੰਮ੍ਰਿਤਸਰ ’ਚ ਦਿਸਣ ਹੱਦ 50 ਤੋਂ 70 ਮੀਟਰ ਦਰਮਿਆਨ ਰਹੀ। ਹਾਲਾਂਕਿ ਇਨ੍ਹਾਂ ਜ਼ਿਲ੍ਹਿਆਂ ’ਚ ਸਵੇਰੇ ਛੇ ਤੋਂ ਸੱਤ ਵਜੇ ਤੱਕ ਕਈ ਥਾਈ ਦਿਸਣ ਹੱਦ 20 ਤੋਂ 30 ਮੀਟਰ ਸੀ।

ਪੀਏਯੂ ਦੇ ਮੌਸਮ ਵਿਭਾਗ ਦੀ ਮੁਖੀ ਡਾ. ਪਵਨੀਤ ਕਿੰਗਰਾ ਅਨੁਸਾਰ ਸੰਘਣੀ ਧੁੰਦ ਕਾਰਨ ਸੂਰਜ ਦੀਆਂ ਕਿਰਨਾਂ ਪੂਰੀ ਤਰ੍ਹਾਂ ਧਰਤੀ ਤੱਕ ਨਹੀਂ ਪੁੱਜ ਰਹੀਆਂ। ਸਿਰਫ ਹਲਕੀ ਧੁੱਪ ਮਹਿਸੂਸ ਹੋ ਰਹੀ ਹੈ ਤੇ ਦਿਨ ਦਾ ਤਾਪਮਾਨ ਘੱਟ ਹੋ ਗਿਆ ਹੈ। ਧੁੱਪ ਨਿਕਲਣ ਤੋਂ ਬਾਅਦ ਹੀ ਦਿਨ ਦਾ ਤਾਪਮਾਨ ਵਧੇਗਾ। ਸ਼ਨਿਵਾਰ ਤੇ ਐਤਵਾਰ ਨੂੰ ਵੀ ਕਈ ਜ਼ਿਲ੍ਹਿਆਂ ’ਚ ਬਹੁਤ ਸੰਘਣੀ ਧੁੰਦ ਪੈ ਸਕਦੀ ਹੈ। ਇਸ ਸਬੰਧੀ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਸੰਘਣੀ ਧੁੰਦ ਕਾਰਨ ਹਲਕੀ ਧੁੱਪ ਰਹੀ। ਧੁੱਪ ਤੇਜ਼ ਨਾ ਹੋਣ ਕਾਰਨ ਦਿਨੇ ਵੀ ਹੁਣ ਠੰਢ ਕਾਫ਼ੀ ਵੱਧ ਗਈ ਹੈ। ਕਈ ਥਾਈਂ ਤਾਂ ਦੁਪਹਿਰ ਦੋ ਵਜੇ ਤੱਕ ਧੁੱਪ ਨਾ ਨਿਕਲੀ। ਅਜਿਹੇ ’ਚ ਦਿਨ ਦੇ ਤਾਪਮਾਨ ’ਚ ਗਿਰਾਵਟ ਆਈ ਜਦਕਿ ਰਾਤ ਦਾ ਤਾਪਮਾਨ ਆਮ ਨਾਲੋਂ ਜ਼ਿਆਦਾ ਰਿਹਾ।

ਮੌਸਮ ਕੇਂਦਰ ਚੰਡੀਗੜ੍ਹ ਅਨੁਸਾਰ ਕਈ ਜ਼ਿਲ੍ਹਿਆਂ ’ਚ ਦਿਨ ਦਾ ਤਾਪਮਾਨ ਆਮ ਨਾਲੋਂ ਦੋ ਤੋਂ ਚਾਰ ਡਿਗਰੀ ਸੈਲਸੀਅਸ ਘੱਟ ਦਰਜ ਕੀਤਾ ਗਿਆ ਜਦਕਿ ਘੱਟੋ-ਘੱਟ ਤਾਪਮਾਨ ਆਮ ਨਾਲੋਂ ਤਿੰਨ ਤੋਂ ਛੇ ਡਿਗਰੀ ਜ਼ਿਆਦਾ ਰਿਹਾ। ਬਰਨਾਲੇ ’ਚ ਦਿਨ ਦਾ ਤਾਪਮਾਨ 12.6 ਡਿਗਰੀ ਰਿਹਾ ਜੋ ਕਿ ਆਮ ਨਾਲੋਂ ਪੰਜ ਡਿਗਰੀ ਜ਼ਿਆਦਾ ਸੀ। ਇੱਥੇ ਘੱਟੋ ਘੱਟ ਤਾਪਮਾਨ 8.9 ਡਿਗਰੀ ਰਿਹਾ ਜੋ ਕਿ ਤਿੰਨ ਡਿਗਰੀ ਜ਼ਿਆਦਾ ਸੀ। ਇਸੇ ਤਰ੍ਹਾਂ ਮੋਗੇ ਦਾ ਦਿਨ ਦਾ ਤਾਪਮਾਨ ਵੀ 12.6 ਡਿਗਰੀ ਰਿਹਾ ਜੋ ਕਿ ਆਮ ਨਾਲੋਂ ਛੇ ਡਿਗਰੀ ਵੱਧ ਸੀ।

Leave a Reply

Your email address will not be published. Required fields are marked *

View in English