ਫੈਕਟ ਸਮਾਚਾਰ ਸੇਵਾ
ਦਿੱਲੀ , ਮਈ 3
ਪੂਰਬੀ ਦਿੱਲੀ ਦੇ ਵਿਵੇਕ ਵਿਹਾਰ ਇਲਾਕੇ ਵਿੱਚ ਅੱਜ ਤੜਕਸਾਰ ਇੱਕ ਰਿਹਾਇਸ਼ੀ ਇਮਾਰਤ ਵਿੱਚ ਲੱਗੀ ਭਿਆਨਕ ਅੱਗ ਨੇ ਕਹਿਰ ਮਚਾ ਦਿੱਤਾ। ਇਸ ਦਰਦਨਾਕ ਹਾਦਸੇ ਵਿੱਚ 9 ਲੋਕਾਂ ਦੀ ਮੌਤ ਹੋ ਗਈ ਹੈ, ਜਦੋਂਕਿ ਕਈ ਹੋਰ ਗੰਭੀਰ ਜ਼ਖ਼ਮੀ ਦੱਸੇ ਜਾ ਰਹੇ ਹਨ। ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਇਮਾਰਤ ਵਿੱਚ ਰਹਿ ਰਹੇ ਲੋਕਾਂ ਨੂੰ ਸੰਭਲਣ ਦਾ ਮੌਕਾ ਤੱਕ ਨਹੀਂ ਮਿਲਿਆ।
ਪੁਲੀਸ ਅਨੁਸਾਰ ਵਿਵੇਕ ਵਿਹਾਰ ਥਾਣੇ ਨੂੰ ਸਵੇਰੇ ਕਰੀਬ 3:48 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਸੂਚਨਾ ਮਿਲਦੇ ਹੀ ਸਥਾਨਕ ਐਸ.ਐਚ.ਓ., ਏ.ਸੀ.ਪੀ. ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਤੁਰੰਤ ਮੌਕੇ ’ਤੇ ਪਹੁੰਚੀਆਂ। ਵਿਵੇਕ ਵਿਹਾਰ ਫੇਜ਼-1 ਦੀ ਇਮਾਰਤ ਨੰਬਰ B-13 ਦੀ ਦੂਜੀ, ਤੀਜੀ ਅਤੇ ਚੌਥੀ ਮੰਜ਼ਿਲ ਪੂਰੀ ਤਰ੍ਹਾਂ ਅੱਗ ਦੀ ਲਪੇਟ ਵਿੱਚ ਸੀ। ਫਾਇਰ ਬ੍ਰਿਗੇਡ ਦੀਆਂ 12 ਗੱਡੀਆਂ ਨੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ।
ਬਚਾਅ ਕਾਰਜਾਂ ਦੌਰਾਨ ਪੁਲੀਸ ਅਤੇ ਫਾਇਰ ਸਰਵਿਸ ਨੇ 12 ਤੋਂ 15 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਹਾਲਾਂਕਿ 9 ਲੋਕਾਂ ਦੀਆਂ ਝੁਲਸੀਆਂ ਹੋਈਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਜਾਣਕਾਰੀ ਮੁਤਾਬਕ ਇੱਕ ਲਾਸ਼ ਪਹਿਲੀ ਮੰਜ਼ਿਲ ਤੋਂ ਪੰਜ ਲਾਸ਼ਾਂ ਦੂਜੀ ਮੰਜ਼ਿਲ ਤੋਂ ਅਤੇ ਤਿੰਨ ਲਾਸ਼ਾਂ ਪੌੜੀਆਂ ਉੱਪਰ ਬਣੀ ਇੱਕ ਲੌਕ ਕੀਤੀ ਹੋਈ ਮਮਟੀ ਵਿੱਚੋਂ ਮਿਲੀਆਂ ਹਨ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
ਫਾਇਰ ਵਿਭਾਗ ਦੀ ਮੁੱਢਲੀ ਜਾਂਚ ਮੁਤਾਬਕ ਅੱਗ ਘਰੇਲੂ ਸਮਾਨ ਤੋਂ ਸ਼ੁਰੂ ਹੋਈ ਅਤੇ ਦੇਖਦੇ ਹੀ ਦੇਖਦੇ ਇਮਾਰਤ ਦੇ ਛੇ ਫਲੈਟਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਜ਼ਖ਼ਮੀਆਂ ਨੂੰ ਇਲਾਜ ਲਈ ਜੀ.ਟੀ.ਬੀ. ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਦੀ ਕ੍ਰਾਈਮ ਟੀਮ ਵੱਲੋਂ ਮੌਕੇ ਦਾ ਮੁਆਇਨਾ ਕੀਤਾ ਜਾ ਰਿਹਾ ਹੈ ਤਾਂ ਜੋ ਅੱਗ ਲੱਗਣ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।







