ਖਰਾਬ ਮੌਸਮ ਕਾਰਨ ਕੈਲਾਸ਼ ਯਾਤਰਾ ਦਾ ਦੂਜਾ ਪੜਾਅ ਮੁਲਤਵੀ

ਫੈਕਟ ਸਮਾਚਾਰ ਸੇਵਾ

ਪਿਥੌਰਗੜ੍ਹ, ਸਤੰਬਰ 15

ਉਤਰਾਖੰਡ ਦੇ ਪਿਥੌਰਗੜ੍ਹ ਜ਼ਿਲ੍ਹੇ ਵਿਚ ਖਰਾਬ ਮੌਸਮ ਅਤੇ ਰਸਤੇ ਬੰਦ ਹੋਣ ਕਾਰਨ ਆਦਿ ਕੈਲਾਸ਼ ਯਾਤਰਾ ਦਾ ਦੂਜਾ ਪੜਾਅ ਮੁਲਤਵੀ ਕਰ ਦਿੱਤਾ ਗਿਆ ਹੈ। ਇਹ ਪੜਾਅ ਪਹਿਲਾਂ 15 ਸਤੰਬਰ ਤੋਂ ਸ਼ੁਰੂ ਹੋਣਾ ਸੀ, ਪਰ ਹੁਣ ਇਸ ਨੂੰ 20 ਸਤੰਬਰ ਤੱਕ ਟਾਲ ਦਿੱਤਾ ਗਿਆ ਹੈ।

ਧਾਰਚੂਲਾ ਦੇ ਉਪ-ਮੰਡਲ ਮੈਜਿਸਟ੍ਰੇਟ ਆਸ਼ੀਸ਼ ਜੋਸ਼ੀ ਮੁਤਾਬਕ ਯਾਤਰਾ ’ਤੇ ਜਾਣ ਵਾਲੇ ਸ਼ਰਧਾਲੂਆਂ ਲਈ ਇਨਰ ਲਾਈਨ ਪਰਮਿਟ ਜਾਰੀ ਕਰਨ ਦੀ ਪ੍ਰਕਿਰਿਆ 20 ਸਤੰਬਰ ਤੋਂ ਸ਼ੁਰੂ ਕੀਤੀ ਜਾ ਸਕਦੀ ਹੈ। ਹਾਲਾਂਕਿ, ਇਸ ਸਬੰਧੀ ਅਜੇ ਅੰਤਿਮ ਤਰੀਕ ਤੈਅ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਪਰਮਿਟ ਤਾਂ ਹੀ ਜਾਰੀ ਕੀਤੇ ਜਾਣਗੇ, ਜੇਕਰ ਮੌਸਮ ਅਤੇ ਆਵਾਜਾਈ ਦੀ ਸਥਿਤੀ ਅਨੁਕੂਲ ਰਹੀ। ਯਾਤਰਾ ਮੁਲਤਵੀ ਹੋਣ ਦਾ ਮੁੱਖ ਕਾਰਨ ਧਾਰਚੂਲਾ-ਗੁੰਜੀ ਮਾਰਗ ’ਤੇ ਕੁਲਾਗੜ੍ਹ ਨੇੜੇ ਬਣਿਆ ਬੇਲੀ ਪੁਲ ਦੱਸਿਆ ਜਾ ਰਿਹਾ ਹੈ। ਅਧਿਕਾਰੀਆਂ ਅਨੁਸਾਰ ਤੇਜ਼ ਪਾਣੀ ਦੀ ਲਪੇਟ ਵਿਚ ਆਉਣ ਕਾਰਨ ਇਹ ਪੁਲ ਦੋ ਹਫ਼ਤਿਆਂ ਦੇ ਅੰਦਰ ਦੂਜੀ ਵਾਰ ਰੁੜ੍ਹ ਗਿਆ ਹੈ। ਪੁਲ ਦੀ ਮੁੜ ਉਸਾਰੀ ਲਈ ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ ਨੇ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਦੇ ਨਾਲ ਹੀ ਫੌਜ ਵਲੋਂ ਉੱਪਰਲੇ ਇਲਾਕਿਆਂ ਤੱਕ ਪਹੁੰਚ ਲਈ ਇਕ ਵਿਕਲਪਕ ਰਸਤਾ ਵੀ ਤਿਆਰ ਕੀਤਾ ਗਿਆ ਹੈ।

ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਸ਼ਰਧਾਲੂਆਂ ਦੀ ਸੁਰੱਖਿਆ ਸਭ ਤੋਂ ਵੱਡੀ ਤਰਜੀਹ ਹੈ। ਇਸ ਲਈ ਯਾਤਰਾ ਨੂੰ ਮੌਸਮ ਅਤੇ ਆਵਾਜਾਈ ਦੇ ਹਾਲਾਤ ਪੂਰੀ ਤਰ੍ਹਾਂ ਸੁਰੱਖਿਅਤ ਹੋਣ ਤੋਂ ਬਾਅਦ ਹੀ ਮੁੜ ਸ਼ੁਰੂ ਕੀਤਾ ਜਾਵੇਗਾ।

Leave a Reply

Your email address will not be published. Required fields are marked *

View in English