ਫੈਕਟ ਸਮਾਚਾਰ ਸੇਵਾ
ਜੰਮੂ, ਜੁਲਾਈ 19
ਉੱਤਰੀ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ‘ਚ ਸੁਰੱਖਿਆ ਬਲਾਂ ਨੂੰ ਵੱਡੀ ਕਾਮਯਾਬੀ ਮਿਲੀ ਹੈ। ਉਨ੍ਹਾਂ ਨੇ ਅੱਤਵਾਦੀਆਂ ਦੇ ਨਾਪਾਕ ਮਨਸੂਬਿਆਂ ਨੂੰ ਨਾਕਾਮ ਕਰ ਦਿੱਤਾ ਹੈ। ਜਾਣਕਾਰੀ ਮੁਤਾਬਿਕ ਦੋ ਅੱਤਵਾਦੀ ਐੱਲਓਸੀ ਪਾਰ ਕਰ ਕੇ ਭਾਰਤੀ ਸਰਹੱਦ ‘ਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਸੁਰੱਖਿਆ ਬਲਾਂ ਨੇ ਉਨ੍ਹਾਂ ਨੂੰ ਮਾਰ ਮੁਕਾਇਆ ਹੈ। ਉੱਥੇ ਹੀ ਅੱਤਵਾਦੀਆਂ ਕੋਲੋਂ ਹਥਿਆਰ ਵੀ ਬਰਾਮਦ ਹੋਏ ਹਨ।
ਭਾਰਤੀ ਸੈਨਾ, ਬੀਐੱਸਐੱਫ ਤੇ ਜੰਮੂ-ਕਸ਼ਮੀਰ ਪੁਲਿਸ ਦੁਆਰਾ ਸ਼ੁਰੂ ਕੀਤੇ ਗਏ ਸੰਯੁਕਤ ਆਪ੍ਰੇਸ਼ਨ ਵਿਚ ਕੁਪਵਾੜਾ ਦੇ ਮੱਛਲ ਸੈਕਟਰ ਵਿਚ ਐੱਲਓਸੀ ਦੇ ਨਾਲ ਅਲਰਟ ਸੈਨਿਕਾਂ ਨੇ ਅੱਤਵਾਦੀਆਂ ਨੂੰ ਮਾਰ ਕੇ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਸੁਰੱਖਿਆ ਬਲਾਂ ਨਾਲ ਮੁਕਾਬਲੇ ‘ਚ ਦੋਵੇਂ ਅੱਤਵਾਦੀ ਮਾਰੇ ਗਏ ਹਨ। ਫਿਲਹਾਲ ਸੁਰੱਖਿਆ ਬਲਾਂ ਵੱਲੋਂ ਉਨ੍ਹਾਂ ਦੇ ਹੋਰ ਸਾਥੀਆਂ ਦੇ ਆਸ-ਪਾਸ ਲੁਕੇ ਹੋਣ ਦੇ ਖਦਸ਼ੇ ਦੇ ਆਧਾਰ ‘ਤੇ ਅਭਿਆਨ ਜਾਰੀ ਰੱਖਿਆ ਹੋਇਆ ਹੈ। ਜਵਾਨਾਂ ਨੇ ਅੱਤਵਾਦੀਆਂ ਕੋਲੋਂ 4 ਏਕੇ ਰਾਈਫਲਾਂ, 6 ਹੈਂਡ ਗ੍ਰਨੇਡ ਅਤੇ ਹੋਰ ਜੰਗੀ ਸਮਾਨ ਬਰਾਮਦ ਕੀਤਾ ਹੈ।
ਅੱਜ ਤੜਕੇ ਮੱਛਲ ਸੈਕਟਰ ਵਿਚ ਜਵਾਨਾਂ ਨੇ ਅੱਤਵਾਦੀਆਂ ਦੇ ਇਕ ਸਮੂਹ ਨੂੰ ਭਾਰਤੀ ਖੇਤਰ ਵਿੱਚ ਘੁਸਪੈਠ ਕਰਦਿਆਂ ਦੇਖਿਆ। ਨੇੜਲੀਆਂ ਚੌਕੀਆਂ ਨੂੰ ਅਲਰਟ ਕਰਨ ਦੇ ਨਾਲ-ਨਾਲ ਅੱਤਵਾਦੀਆਂ ਦੀ ਹਰ ਹਰਕਤ ‘ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ। ਜਿਵੇਂ ਹੀ ਅੱਤਵਾਦੀ ਕੰਟਰੋਲ ਰੇਖਾ ‘ਤੇ ਅੱਗੇ ਜਵਾਨਾਂ ਦੀ ਘੇਰਾਬੰਦੀ ‘ਚ ਆਏ ਤਾਂ ਜਵਾਨਾਂ ਨੇ ਰੌਲਾ ਪਾਇਆ ਅਤੇ ਉਨ੍ਹਾਂ ਨੂੰ ਆਤਮ ਸਮਰਪਣ ਕਰਨ ਲਈ ਕਿਹਾ। ਇਸ ‘ਤੇ ਅੱਤਵਾਦੀਆਂ ਨੇ ਪਿੱਛੇ ਭੱਜਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਧਿਆਨ ਭਟਕਾਉਣ ਲਈ ਜਵਾਨਾਂ ‘ਤੇ ਗੋਲੀਬਾਰੀ ਵੀ ਕੀਤੀ।
ਜਵਾਨਾਂ ਨੇ ਵੀ ਜਵਾਬੀ ਕਾਰਵਾਈ ਕੀਤੀ ਅਤੇ ਕਰੀਬ ਤਿੰਨ ਘੰਟੇ ਤੱਕ ਦੋਵਾਂ ਪਾਸਿਆਂ ਤੋਂ ਰੁਕ-ਰੁਕ ਕੇ ਗੋਲੀਬਾਰੀ ਹੁੰਦੀ ਰਹੀ। ਇਸ ਤੋਂ ਬਾਅਦ ਅੱਤਵਾਦੀਆਂ ਦੀ ਪਾਸਿਓਂ ਗੋਲੀਬਾਰੀ ਰੁਕ ਗਈ। ਸਵੇਰੇ ਸੂਰਜ ਚੜ੍ਹਨ ਤੋਂ ਬਾਅਦ ਜਵਾਨਾਂ ਨੇ ਮੁਕਾਬਲੇ ਵਾਲੀ ਥਾਂ ਦੀ ਤਲਾਸ਼ੀ ਲਈ। ਉਨ੍ਹਾਂ ਨੂੰ ਉੱਥੇ ਇੱਕ ਥਾਂ ‘ਤੇ ਦੋ ਅੱਤਵਾਦੀਆਂ ਦੀਆਂ ਗੋਲੀਆਂ ਨਾਲ ਵਿੰਨ੍ਹੀਆਂ ਲਾਸ਼ਾਂ ਅਤੇ ਚਾਰ ਅਸਾਲਟ ਰਾਈਫਲਾਂ, ਦੋ ਹੱਥਗੋਲੇ ਅਤੇ ਹੋਰ ਸਾਜ਼ੋ-ਸਾਮਾਨ ਮਿਲਿਆ। ਮਾਰੇ ਗਏ ਅੱਤਵਾਦੀਆਂ ਦੀ ਫੌਰੀ ਤੌਰ ‘ਤੇ ਪਛਾਣ ਨਹੀਂ ਹੋ ਸਕੀ ਪਰ ਉਨ੍ਹਾਂ ਦੇ ਗੁਲਾਮ ਜੰਮੂ-ਕਸ਼ਮੀਰ ਜਾਂ ਪਾਕਿਸਤਾਨੀ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।







