ਫੈਕਟ ਸਮਾਚਾਰ ਸੇਵਾ
ਜਾਜਪੁਰ , ਨਵੰਬਰ 21
ਓਡੀਸ਼ਾ ਦੇ ਜਾਜਪੁਰ ਜ਼ਿਲ੍ਹੇ ਦੇ ਕੋਰੇਈ ਰੇਲਵੇ ਸਟੇਸ਼ਨ ‘ਤੇ ਅੱਜ ਇਕ ਮਾਲ ਗੱਡੀ ਪੱਟੜੀ ਤੋਂ ਉਤਰ ਗਈ। ਇਸ ਹਾਦਸੇ ‘ਚ 2 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਕੁਝ ਹੋਰ ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਹੋਏ ਹਨ। ਰੇਲਵੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਪੂਰਬੀ ਤੱਟੀਏ ਰੇਲਵੇ (ਈ.ਸੀ.ਓ.ਆਰ.) ਦੇ ਅਧਿਕਾਰੀਆਂ ਨੇ ਦੱਸਿਆ ਕਿ ਹਾਦਸਾ ਸਵੇਰੇ ਕਰੀਬ 6.45 ਵਜੇ ਹੋਇਆ, ਜਦੋਂ ਕੁਝ ਲੋਕ ਪਲੇਟਫਾਰਮ ‘ਤੇ ਯਾਤਰੀ ਰੇਲ ਗੱਡੀ ਦਾ ਇੰਤਜ਼ਾਰ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਡਾਂਗੋਵਾਪੋਸੀ ਤੋਂ ਛਤਰਪੁਰ ਜਾ ਰਹੀ ਮਾਲ ਗੱਡੀ ਪੱਟੜੀ ਤੋਂ ਉਤਰ ਗਈ ਅਤੇ ਉਸ ਦੇ 8 ਡੱਬੇ ਪਲੇਟਫਾਰਮ ਨਾਲ ਟਕਰਾ ਗਏ। ਇਸ ਨਾਲ ਉੱਥੇ ਮੌਜੂਦ ਕੁਝ ਲੋਕ ਇਸ ਦੀ ਲਪੇਟ ਆ ਗਏ।
ਉਨ੍ਹਾਂ ਨੇ ਦੱਸਿਆ ਕਿ ਜਾਨ ਗੁਆਉਣ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ, ਕਿਉਂਕਿ ਕੁਝ ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਹਨ। ਹਾਦਸੇ ‘ਚ ਸਟੇਸ਼ਨ ਕੰਪਲੈਕਸ ਨੂੰ ਵੀ ਕਾਫ਼ੀ ਨੁਕਸਾਨ ਪਹੁੰਚਿਆ ਹੈ।







