ਐਕਸਪ੍ਰੈੱਸਵੇ ’ਤੇ ਟ੍ਰੇਲਰ ਨਾਲ ਟਕਰਾਈ ਦਿੱਲੀ-ਦਰਭੰਗਾ AC ਬੱਸ, 4 ਦੀ ਮੌਤ

ਫੈਕਟ ਸਮਾਚਾਰ ਸੇਵਾ

ਪਟਨਾ , ਅਕਤੂਬਰ 2

ਦਿੱਲੀ ਤੋਂ ਦਰਭੰਗਾ ਦਾ ਸਫ਼ਰ ਕਰ ਰਹੇ ਯਾਤਰੀ ਉਸ ਸਮੇਂ ਗਹਿਰੀ ਨੀਂਦ ’ਚ ਸਨ। ਅੱਜ ਤੜਕੇ ਕਰੀਬ 5 ਵਜੇ ਗੋਰਖਪੁਰ ਲਿੰਕ ਐਕਸਪ੍ਰੈੱਸਵੇ ’ਤੇ ਅਚਾਨਕ ਜ਼ੋਰਦਾਰ ਟੱਕਰ ਦੀ ਆਵਾਜ਼ ਗੂੰਜੀ। ਅੰਬੇਡਕਰਨਗਰ ਦੇ ਜੈਤਪੁਰ ਥਾਣਾ ਖੇਤਰ ’ਚ ਅੰਬਰਪੁਰ ਟੋਲ ਪਲਾਜ਼ਾ ਨੇੜੇ AC ਸਲੀਪਰ ਬੱਸ ਅੱਗੇ ਜਾ ਰਹੇ ਵਾਹਨ ਨੂੰ ਓਵਰਟੇਕ ਕਰਦੇ ਸਮੇਂ ਟ੍ਰੇਲਰ ਨਾਲ ਟਕਰਾ ਗਈ। ਟੱਕਰ ਇੰਨੀ ਭਿਆਨਕ ਸੀ ਕਿ ਕਰੀਬ 40 ਫੁੱਟ ਲੰਬੀ ਬੱਸ ਦਾ ਖੱਬਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਹਾਦਸੇ ’ਚ 4 ਯਾਤਰੀਆਂ ਦੀ ਮੌਤ ਹੋ ਗਈ, ਜਦਕਿ ਤਿੰਨ ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ।

ਦੱਸਿਆ ਗਿਆ ਕਿ ਬੱਸ ‘ਤਿਘਰਾ ਐਕਸਪ੍ਰੈੱਸ’ ਟ੍ਰੈਵਲ ਦੀ ਸੀ ਤੇ ਦਿੱਲੀ ਤੋਂ ਦਰਭੰਗਾ ਜਾ ਰਹੀ ਸੀ। ਹਾਦਸੇ ਸਮੇਂ ਜ਼ਿਆਦਾਤਰ ਯਾਤਰੀ ਨੀਂਦ ’ਚ ਸਨ। ਅਚਾਨਕ ਟ੍ਰੇਲਰ ਨਾਲ ਜ਼ੋਰਦਾਰ ਟੱਕਰ ਤੋਂ ਬਾਅਦ ਬੱਸ ’ਚ ਚੀਖ-ਪੁਕਾਰ ਮਚ ਗਈ। ਖੱਬੇ ਪਾਸੇ ਬੈਠੇ ਯਾਤਰੀਆਂ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ। ਕਈ ਯਾਤਰੀ ਨੁਕਸਾਨੇ ਹੋਏ ਹਿੱਸੇ ’ਚ ਫਸ ਗਏ। ਸੜਕ ’ਤੇ ਬੱਸ ਦਾ ਮਲਬਾ ਖਿੱਲਰ ਗਿਆ ਤੇ ਐਕਸਪ੍ਰੈੱਸਵੇ ’ਤੇ ਕੁਝ ਸਮੇਂ ਲਈ ਹਫੜਾ-ਦਫੜੀ ਦਾ ਮਾਹੌਲ ਬਣ ਗਿਆ।

ਹਾਦਸੇ ਦੀ ਸੂਚਨਾ ਮਿਲਦੇ ਹੀ ਜੈਤਪੁਰ ਪੁਲਿਸ ਮੌਕੇ ’ਤੇ ਪਹੁੰਚ ਗਈ। ਸਥਾਨਕ ਲੋਕਾਂ ਤੇ ਰਾਹਗੀਰਾਂ ਨੇ ਵੀ ਰਾਹਤ ਤੇ ਬਚਾਅ ਕਾਰਜਾਂ ’ਚ ਮਦਦ ਕੀਤੀ। ਬੱਸ ਦੇ ਨੁਕਸਾਨੇ ਹਿੱਸੇ ’ਚ ਫਸੇ ਯਾਤਰੀਆਂ ਨੂੰ ਬਾਹਰ ਕੱਢਣ ਲਈ ਗੈਸ ਕਟਰ ਦੀ ਮਦਦ ਲਈ ਗਈ। ਪੁਲਿਸ ਨੇ ਜ਼ਖ਼ਮੀਆਂ ਨੂੰ ਇਲਾਜ ਲਈ ਜ਼ਿਲ੍ਹਾ ਹਸਪਤਾਲ ਤੇ ਸੱਦਰਪੁਰ ਸਥਿਤ ਮੈਡੀਕਲ ਕਾਲਜ ਤੇ ਹਸਪਤਾਲ ਭੇਜਿਆ। ਤਿੰਨਾਂ ਜ਼ਖ਼ਮੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਹਾਦਸੇ ’ਚ ਜਾਨ ਗੁਆਉਣ ਵਾਲੇ ਚਾਰ ਯਾਤਰੀਆਂ ਵਿੱਚੋਂ ਇੱਕ ਦੀ ਪਛਾਣ ਸਚਿਨ ਕੁਮਾਰ (30) ਵਜੋਂ ਹੋਈ ਹੈ। ਪੁਲਿਸ ਮੁਤਾਬਕ ਉਹ ਬਿਹਾਰ ਦੇ ਰਹਿਣ ਵਾਲੇ ਸਨ। ਤਿੰਨ ਹੋਰ ਮ੍ਰਿਤਕਾਂ ਦੀ ਪਛਾਣ ਅਜੇ ਨਹੀਂ ਹੋ ਸਕੀ ਹੈ। ਪੁਲਿਸ ਉਨ੍ਹਾਂ ਦੀ ਸ਼ਨਾਖਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪਰਿਵਾਰਕ ਮੈਂਬਰਾਂ ਤੱਕ ਸੂਚਨਾ ਪਹੁੰਚਾਉਣ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਗਈ ਹੈ।

ਜ਼ਖ਼ਮੀਆਂ ’ਚ ਸੁਮਿਤ ਮਿਸ਼ਰਾ (33), ਸੁਮਿਤ ਆਨੰਦ (40) ਤੇ ਰਿੰਕੂ ਕੁਮਾਰੀ (45) ਦੀ ਪਛਾਣ ਹੋਈ ਹੈ। ਤਿੰਨੇ ਦਰਭੰਗਾ, ਬਿਹਾਰ ਦੇ ਵਸਨੀਕ ਦੱਸੇ ਜਾ ਰਹੇ ਹਨ। ਗੰਭੀਰ ਹਾਲਤ ਕਾਰਨ ਉਨ੍ਹਾਂ ਦਾ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ। ਡਾਕਟਰ ਲਗਾਤਾਰ ਉਨ੍ਹਾਂ ਦੀ ਨਿਗਰਾਨੀ ਕਰ ਰਹੇ ਹਨ। ਹਾਦਸੇ ’ਚ ਜ਼ਖ਼ਮੀ ਯਾਤਰੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ।

ਪੁਲਿਸ ਮੁਤਾਬਕ ਸ਼ੁਰੂਆਤੀ ਜਾਂਚ ’ਚ ਬੱਸ ਦੇ ਓਵਰਟੇਕ ਕਰਨ ਦੌਰਾਨ ਟ੍ਰੇਲਰ ਨਾਲ ਟਕਰਾਉਣ ਦੀ ਗੱਲ ਸਾਹਮਣੇ ਆਈ ਹੈ। ASP ਡਾ. ਤੇਜਵੀਰ ਸਿੰਘ ਦੇ ਅਨੁਸਾਰ ਡਰਾਈਵਰ ਨੂੰ ਝਪਕੀ ਆਉਣ ਦੀ ਸੰਭਾਵਨਾ ਵੀ ਜਤਾਈ ਗਈ ਹੈ। ਹਾਲਾਂਕਿ ਹਾਦਸੇ ਦੀ ਅਸਲ ਵਜ੍ਹਾ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਟ੍ਰੇਲਰ ਨੂੰ ਕਬਜ਼ੇ ’ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *

View in English