ਫੈਕਟ ਸਮਾਚਾਰ ਸੇਵਾ
ਚੰਡੀਗੜ੍ਹ, ਅਗਸਤ 20
ਸੂਬੇ ਦੇ ਪ੍ਰਸ਼ਾਸਨਿਕ ਕੰਮਕਾਜ ਨੂੰ ਵਧੇਰੇ ਪਾਰਦਰਸ਼ੀ ਅਤੇ ਤੇਜ਼-ਤਰਾਰ ਬਣਾਉਣ ਦੇ ਮਕਸਦ ਨਾਲ ਇੱਕ ਵੱਡਾ ਕਦਮ ਚੁੱਕਦਿਆਂ, ਪੰਜਾਬ ਦੇ ਵਿੱਤ ਅਤੇ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਇੱਥੇ ਐਲਾਨ ਕੀਤਾ ਕਿ ਹੁਣ ‘ਆਲ ਇੰਡੀਆ ਟੂਰਿਸਟ ਪਰਮਿਟ’ (ਏ.ਆਈ.ਟੀ.ਪੀ) ਰੋਡ ਟਰਾਂਸਪੋਰਟ ਅਤੇ ਹਾਈਵੇਅ ਮੰਤਰਾਲੇ ਦੇ ਅਧਿਕਾਰਤ ਪੋਰਟਲ (ਪਰਿਵਹਨ) ਰਾਹੀਂ ਬਿਨੈਕਾਰਾਂ ਨੂੰ ਸਿੱਧੇ ਆਨਲਾਈਨ ਜਾਰੀ ਕੀਤੇ ਜਾਣਗੇ।
ਇੱਥੇ ਜਾਰੀ ਇੱਕ ਪ੍ਰੈਸ ਬਿਆਨ ਰਾਹੀਂ ਇਹ ਜਾਣਕਾਰੀ ਦਿੰਦਿਆਂ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ “ਪਹਿਲਾਂ ਟੂਰਿਸਟ ਵਾਹਨ ਆਪਰੇਟਰਾਂ ਨੂੰ ਸਟੇਟ ਟਰਾਂਸਪੋਰਟ ਅਥਾਰਟੀ, ਮੋਹਾਲੀ (PB01) ਦੇ ਦਫ਼ਤਰ ਤੋਂ ਖ਼ੁਦ ਜਾ ਕੇ ਪ੍ਰਿੰਟ ਕੀਤੇ ਪਰਮਿਟ ਲੈਣੇ ਪੈਂਦੇ ਸਨ। ਇਸ ਡਿਜੀਟਲ ਸਹੂਲਤ ਦੀ ਸ਼ੁਰੂਆਤ ਨਾਲ, ਬਿਨੈਕਾਰ ਹੁਣ ਆਪਣੇ ਘਰ ਜਾਂ ਦਫ਼ਤਰ ਬੈਠੇ ਹੀ ਆਸਾਨੀ ਨਾਲ ਲੋੜੀਂਦੇ ਦਸਤਾਵੇਜ਼ ਪ੍ਰਾਪਤ ਕਰ ਸਕਦੇ ਹਨ, ਜਿਸ ਨਾਲ ਸਰਕਾਰੀ ਦਫ਼ਤਰਾਂ ਵਿੱਚ ਨਿੱਜੀ ਤੌਰ ‘ਤੇ ਜਾਣ ਦੀ ਲੋੜ ਪੂਰੀ ਤਰ੍ਹਾਂ ਖ਼ਤਮ ਹੋ ਗਈ ਹੈ।”
ਸੂਬਾ ਸਰਕਾਰ ਦੀ ਨਾਗਰਿਕ-ਕੇਂਦਰਿਤ ਸ਼ਾਸਨ ਪ੍ਰਤੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਉਨ੍ਹਾਂ ਕਿਹਾ ਕਿ “ਭਗਵੰਤ ਮਾਨ ਸਰਕਾਰ ਜਨਤਕ ਸੇਵਾਵਾਂ ਨੂੰ ਸੁਚਾਰੂ, ਪਾਰਦਰਸ਼ੀ ਅਤੇ ਪੂਰੀ ਤਰ੍ਹਾਂ ਪਰੇਸ਼ਾਨੀ-ਮੁਕਤ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ। ਆਲ ਇੰਡੀਆ ਟੂਰਿਸਟ ਪਰਮਿਟ ਜਾਰੀ ਕਰਨ ਦੀ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਆਨਲਾਈਨ ਕਰਕੇ, ਅਸੀਂ ਦਫ਼ਤਰੀ ਲਾਲ ਫ਼ੀਤਾਸ਼ਾਹੀ ਨੂੰ ਖ਼ਤਮ ਕੀਤਾ ਹੈ ਅਤੇ ਸਰਕਾਰ ਤੇ ਨਾਗਰਿਕਾਂ ਵਿਚਕਾਰ ਦੂਰੀ ਨੂੰ ਮਿਟਾਇਆ ਹੈ। ਬਿਨੈਕਾਰਾਂ ਨੂੰ ਹੁਣ ਮੋਹਾਲੀ ਦਫ਼ਤਰ ਦੇ ਚੱਕਰ ਕੱਟਣ ਜਾਂ ਲੰਬੀਆਂ ਕਤਾਰਾਂ ਵਿੱਚ ਖੜ੍ਹੇ ਹੋਣ ਦੀ ਲੋੜ ਨਹੀਂ ਪਵੇਗੀ। ਹੁਣ ਸਭ ਕੁਝ ਉਨ੍ਹਾਂ ਦੀਆਂ ਉਂਗਲਾਂ ‘ਤੇ ਉਪਲਬਧ ਹੈ।”
ਟਰਾਂਸਪੋਰਟ ਮੰਤਰੀ ਨੇ ਅੱਗੇ ਕਿਹਾ ਕਿ ਇਹ ਪਹਿਲਕਦਮੀ ਟਰਾਂਸਪੋਰਟ ਸੇਵਾਵਾਂ ਦੇ ਡਿਜੀਟਲ ਪ੍ਰਸਾਰ ਵਿੱਚ ਇੱਕ ਮਹੱਤਵਪੂਰਨ ਕਦਮ ਹੈ, ਜਿਸ ਨਾਲ ਕੀਮਤੀ ਸਮੇਂ ਦੀ ਬੱਚਤ ਹੋਵੇਗੀ ਅਤੇ ਬੇਲੋੜੀ ਪ੍ਰਸ਼ਾਸਕੀ ਦੇਰੀ ਨੂੰ ਠੱਲ੍ਹ ਪਵੇਗੀ। ਉਨ੍ਹਾਂ ਕਿਹਾ ਕਿ “ਸਾਡੇ ਟਰਾਂਸਪੋਰਟ ਆਪਰੇਟਰਾਂ ਲਈ ਸਮਾਂ ਬਹੁਤ ਕੀਮਤੀ ਹੈ। ਇਹ ਡਿਜੀਟਲ ਸੁਧਾਰ ਨਾ ਸਿਰਫ਼ ਪਲਕ ਝਪਕਦਿਆਂ ਹੀ ਸੇਵਾਵਾਂ ਮੁਹੱਈਆ ਕਰਵਾਉਂਦਾ ਹੈ, ਸਗੋਂ ਕੁਸ਼ਲਤਾ ਅਤੇ ਜਵਾਬਦੇਹੀ ਦਾ ਇੱਕ ਨਵਾਂ ਮਿਆਰ ਵੀ ਕਾਇਮ ਕਰਦਾ ਹੈ। ਦਸਤਾਵੇਜ਼ੀ ਪ੍ਰਕਿਰਿਆ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਸਰਲ ਬਣਾ ਕੇ, ਅਸੀਂ ਸੂਬੇ ਦੇ ਟਰਾਂਸਪੋਰਟ ਖੇਤਰ ਵਿੱਚ ‘ਈਜ਼ ਆਫ਼ ਡੂਇੰਗ ਬਿਜ਼ਨਸ’ (ਕਾਰੋਬਾਰ ਕਰਨ ਦੀ ਸੌਖ) ਦਾ ਰਾਹ ਪੱਧਰਾ ਕਰ ਰਹੇ ਹਾਂ।”
ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਵਾਹਨ ਮਾਲਕ ਅਤੇ ਕਮਰਸ਼ੀਅਲ ਆਪਰੇਟਰ ਨੈਸ਼ਨਲ ਟਰਾਂਸਪੋਰਟ ਪੋਰਟਲ ਰਾਹੀਂ ਸਿੱਧੇ ਤੌਰ ‘ਤੇ ਆਪਣੇ ਮਨਜ਼ੂਰਸ਼ੁਦਾ ਏ.ਆਈ.ਟੀ.ਪੀ. ਦਸਤਾਵੇਜ਼ਾਂ ਨੂੰ ਦੇਖ ਸਕਦੇ ਹਨ, ਅਪਲਾਈ ਕਰ ਸਕਦੇ ਹਨ ਅਤੇ ਡਾਊਨਲੋਡ ਕਰ ਸਕਦੇ ਹਨ, ਜਿਸ ਨਾਲ 24 ਘੰਟੇ ਸੁਵਿਧਾ ਅਤੇ ਨਿਰਵਿਘਨ ਕਾਰੋਬਾਰੀ ਗਤੀਵਿਧੀਆਂ ਯਕੀਨੀ ਬਣਨਗੀਆਂ।







