‘ਆਪ’ ਨੇ ਪੰਜਾਬ ਦੇ ਹਿੱਤਾਂ ਖ਼ਿਲਾਫ਼ ਕੰਮ ਕਰਨ ‘ਤੇ ਆਪਣੇ ਹੀ ਵਿਧਾਇਕਾਂ ਨੂੰ ਬਾਹਰ ਦਾ ਰਸਤਾ ਦਿਖਾਇਆ, ਪਰ ਭਾਜਪਾ ਨੂੰ ਅਜਿਹੇ ਹੀ ਲੋਕਾਂ ਦੀ ਭਾਲ ਹੈ: ਕੁਲਦੀਪ ਸਿੰਘ ਧਾਲੀਵਾਲ
ਦੂਜੀਆਂ ਪਾਰਟੀਆਂ ਦੇ ਨਕਾਰੇ ਹੋਏ ਆਗੂਆਂ ਨੂੰ ਇਕੱਠਾ ਕਰਕੇ ਭਾਜਪਾ ‘ਕਬਾੜ ਦੀ ਦੁਕਾਨ’ ਬਣ ਚੁੱਕੀ ਹੈ: ਕੁਲਦੀਪ ਸਿੰਘ ਧਾਲੀਵਾਲ
ਭਗਵੰਤ ਮਾਨ ਸਰਕਾਰ ਲਈ ਪੰਜਾਬ ਦੇ ਹਿੱਤ ਸਭ ਤੋਂ ਉੱਪਰ, ਆਪਣੇ ਹੀ ਆਗੂਆਂ ਖ਼ਿਲਾਫ਼ ਕਾਰਵਾਈ ਕਰਨ ਵਾਲੀ ਪਹਿਲੀ ਪਾਰਟੀ ‘ਆਪ’: ਕੁਲਦੀਪ ਸਿੰਘ ਧਾਲੀਵਾਲ
ਪੰਜਾਬ ਵਿੱਚ ਭਾਜਪਾ ਦਾ ਕੋਈ ਜਨ-ਆਧਾਰ ਨਹੀਂ ਤੇ ਨਾ ਹੀ ਆਪਣੇ ਆਗੂ, ਸੂਬਾ ਪ੍ਰਧਾਨ ਅਤੇ ਅਹੁਦੇਦਾਰ ਵੀ ਬਾਹਰੋਂ ਲਿਆਂਦੇ ਗਏ ਹਨ: ਕੁਲਦੀਪ ਸਿੰਘ ਧਾਲੀਵਾਲ
ਭਾਜਪਾ ਪੰਜਾਬ ਪੁਲਿਸ ‘ਤੇ ਫਾਇਰਿੰਗ ਕਰਨ ਅਤੇ ਜਬਰ-ਜਨਾਹ ਵਰਗੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਆਗੂਆਂ ਨੂੰ ਪਾਰਟੀ ‘ਚ ਸ਼ਾਮਲ ਕਰ ਰਹੀ ਹੈ: ਕੁਲਦੀਪ ਸਿੰਘ ਧਾਲੀਵਾਲ
ਚੰਡੀਗੜ੍ਹ, 1 ਨਵੰਬਰ 2026:
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਵਿਰੋਧੀ ਧਿਰਾਂ, ਖਾਸਕਰ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਪਾਰਟੀ ਛੱਡ ਕੇ ਜਾਣ ਵਾਲੇ ਭ੍ਰਿਸ਼ਟ ਤੇ ਅਨੁਸ਼ਾਸਨਹੀਣ ਆਗੂਆਂ ‘ਤੇ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਦੇਸ਼ ਅਤੇ ਪੰਜਾਬ ਦੀ ਰਾਜਨੀਤੀ ਵਿੱਚੋਂ ਭ੍ਰਿਸ਼ਟਾਚਾਰ ਦਾ ਗੰਦ ਸਾਫ਼ ਕਰਨ ਲਈ ਬਣੀ ਸੀ। ਪਾਰਟੀ ਨੇ ਪਹਿਲੇ ਦਿਨ ਤੋਂ ਹੀ ਸਾਫ਼ ਕਰ ਦਿੱਤਾ ਸੀ ਕਿ ਇੱਥੇ ਕੁਰਸੀ ਜਾਂ ਸੱਤਾ ਦੇ ਭੁੱਖਿਆਂ ਲਈ ਕੋਈ ਥਾਂ ਨਹੀਂ ਹੈ। ‘ਆਪ’ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਅਜਿਹੀ ਸਰਕਾਰ ਹੈ, ਜਿਸ ਨੇ ਆਪਣੇ ਹੀ ਮੰਤਰੀਆਂ ਅਤੇ ਵਿਧਾਇਕਾਂ ‘ਤੇ ਦੋਸ਼ ਲੱਗਣ ‘ਤੇ ਬਿਨਾਂ ਝਿਜਕ ਸਖ਼ਤ ਕਾਰਵਾਈ ਕੀਤੀ ਅਤੇ ਜੇਲ੍ਹ ਭੇਜਿਆ।
ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਦਿਆਂ ਵਿਧਾਇਕ ਕੁਲਦੀਪ ਧਾਲੀਵਾਲ ਨੇ ਆਗੂਆਂ ਦੇ ਪਾਰਟੀ ਛੱਡਣ ‘ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਜਿਨ੍ਹਾਂ ਵਿਧਾਇਕਾਂ ‘ਤੇ ਗੰਭੀਰ ਦੋਸ਼ ਲੱਗੇ, ਪੁਲਿਸ ‘ਤੇ ਫਾਇਰਿੰਗ ਵਰਗੇ ਪਰਚੇ ਦਰਜ ਹੋਏ ਜਾਂ ਜਿਨ੍ਹਾਂ ਨੇ ਅਨੁਸ਼ਾਸਨ ਤੋੜਿਆ, ਉਨ੍ਹਾਂ ਨੂੰ ਪਾਰਟੀ ਨੇ ਪਹਿਲਾਂ ਹੀ ਸੁਸਪੈਂਡ ਕਰਕੇ ਬਾਹਰ ਦਾ ਰਸਤਾ ਵਿਖਾ ਦਿੱਤਾ ਸੀ। ਹਾਲ ਹੀ ਵਿੱਚ ਜਾਰੀ ਕੀਤੀ 40 ਉਮੀਦਵਾਰਾਂ ਦੀ ਲਿਸਟ ਤੋਂ ਬਾਅਦ ਵਿਰੋਧੀ ਧਿਰਾਂ ਵਿੱਚ ਬੁਖਲਾਹਟ ਸਾਫ਼ ਦਿਖਾਈ ਦੇ ਰਹੀ ਹੈ। ਜਿਹੜੇ ਬੰਦੇ ਸੱਤਾ ਦੇ ਭੁੱਖੇ ਹਨ, ਉਹ ਲੰਮੀ ਰੇਸ ਦੇ ਘੋੜੇ ਨਹੀਂ ਸਨ ਅਤੇ ਪੰਜਾਬ ਦੇ ਹਿੱਤਾਂ ਲਈ ਲੜਾਈ ਲੜਨ ਦੀ ਬਜਾਏ ਭੱਜ ਰਹੇ ਹਨ।
ਭਾਜਪਾ ਨੂੰ ਨਿਸ਼ਾਨੇ ‘ਤੇ ਲੈਂਦਿਆਂ ਧਾਲੀਵਾਲ ਨੇ ਕਿਹਾ ਕਿ ਅੱਜ ਭਾਜਪਾ ਪੰਜਾਬ ਅੰਦਰ ਕੋਈ ਪਾਰਟੀ ਨਹੀਂ, ਸਗੋਂ ਇਕ ‘ਕਬਾੜਖਾਨੇ ਦੀ ਦੁਕਾਨ’ ਬਣ ਚੁੱਕੀ ਹੈ। ਭਾਜਪਾ ਦਾ ਪੰਜਾਬ ਵਿੱਚ ਆਪਣਾ ਕੋਈ ਜਨ-ਆਧਾਰ ਨਹੀਂ ਹੈ। ਚਾਹੇ ਕਾਂਗਰਸੀ ਹੋਣ, ਅਕਾਲੀ ਦਲ ਦੀ ਰਹਿਮ-ਖੂਹੰਦ ਹੋਵੇ ਜਾਂ ‘ਆਪ’ ਵਿੱਚੋਂ ਕੱਢੇ ਹੋਏ ਦਾਗੀ ਚਿਹਰੇ, ਭਾਜਪਾ ਦੂਜੀਆਂ ਪਾਰਟੀਆਂ ਦਾ ਰੱਦ ਕੀਤਾ ਮਾਲ-ਮੱਤਾ ਇਕੱਠਾ ਕਰਕੇ ਆਪਣੀ ਹੋਂਦ ਬਚਾਉਣ ਦੀ ਨਾਕਾਮ ਕੋਸ਼ਿਸ਼ ਕਰ ਰਹੀ ਹੈ। ਇੱਥੋਂ ਤੱਕ ਕਿ ਭਾਜਪਾ ਕੋਲ ਪੰਜਾਬ ਵਿੱਚ ਆਪਣਾ ਪ੍ਰਧਾਨ ਜਾਂ ਅਹੁਦੇਦਾਰ ਬਣਾਉਣ ਲਈ ਵੀ ਕੋਈ ਆਪਣਾ ਆਗੂ ਨਹੀਂ ਹੈ, ਸਭ ਬਾਹਰੋਂ ਫੜ ਕੇ ਲਿਆਂਦੇ ਗਏ ਹਨ।
ਉਨ੍ਹਾਂ ਅੱਗੇ ਕਿਹਾ ਕਿ ਬਗਾਨੇ ਮਾਲ ਨਾਲ ਕਦੇ ਸਿਆਸੀ ਜੰਗ ਨਹੀਂ ਜਿੱਤੀ ਜਾਂਦੀ। ਇਸੇ ਕਬਾੜਖਾਨੀ ਨੀਤੀ ਕਰਕੇ ਹੀ ਭਾਜਪਾ ਦੀ ਨਸ਼ਾ ਵਿਰੋਧੀ ਮੁਹਿੰਮ ਠੁੱਸ ਹੋਈ ਅਤੇ ਅਮਿਤ ਸ਼ਾਹ ਦੀ ਜਲੰਧਰ ਰੈਲੀ ਸੁਪਰ ਫਲਾਪ ਸਾਬਤ ਹੋਈ, ਕਿਉਂਕਿ ਪੰਜਾਬ ਦੇ ਲੋਕ ਇਨ੍ਹਾਂ ਦੀ ਅਸਲ ਸੱਚਾਈ ਜਾਣ ਚੁੱਕੇ ਹਨ। ਆਮ ਆਦਮੀ ਪਾਰਟੀ 2027 ਵਿੱਚ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਭਾਰੀ ਬਹੁਮਤ ਨਾਲ ਦੁਬਾਰਾ ਪੰਜਾਬ ਵਿੱਚ ਸਰਕਾਰ ਬਣਾਏਗੀ।







