UPI ਪੇਮੈਂਟ ’ਤੇ ਚਾਰਜ ਨੂੰ ਲੈ ਕੇ ਰਾਹੁਲ ਗਾਂਧੀ ਨੇ PM ਮੋਦੀ ਨੂੰ ਘੇਰਿਆ

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ , ਸਤੰਬਰ 16

ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਅੱਜ UPI ਟ੍ਰਾਂਜੈਕਸ਼ਨ ਲਈ ਕੇਂਦਰ ਸਰਕਾਰ ਦੇ ਨਵੇਂ ਮਰਚੈਂਟ ਡਿਸਕਾਊਂਟ ਰੇਟ (MDR) ਫਰੇਮਵਰਕ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਸਰਕਾਰ ’ਤੇ ਅਮਰੀਕਾ ਦੇ ਦਬਾਅ ਹੇਠ ਝੁਕਣ ਦਾ ਦੋਸ਼ ਲਗਾਇਆ ਤੇ ਪ੍ਰਧਾਨ ਮੰਤਰੀ ਮੋਦੀ ਨੂੰ ‘ਹਿੰਮਤ ਦਿਖਾਉਣ’ ਲਈ ਕਿਹਾ।

ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਪੋਸਟ ਕੀਤੀ ਗਈ ਇੱਕ ਵੀਡੀਓ ’ਚ ਰਾਹੁਲ ਗਾਂਧੀ ਨੇ ਨਵੇਂ UPI ਚਾਰਜ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਦੀ ਤੁਲਨਾ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨਾਲ ਕੀਤੀ। ਰਾਹੁਲ ਗਾਂਧੀ ਨੇ ਕਿਹਾ ਕਿ ‘‘ਇੱਕ ਵਾਰ ਇੰਦਰਾ ਜੀ ਨੂੰ ਪੁੱਛਿਆ ਗਿਆ ਸੀ ਕਿ ਕੀ ਉਨ੍ਹਾਂ ਦਾ ਝੁਕਾਅ ਖੱਬੇ ਪੱਖ ਵੱਲ ਹੈ ਜਾਂ ਸੱਜੇ ਪੱਖ ਵੱਲ। ਇਸ ’ਤੇ ਉਨ੍ਹਾਂ ਦਾ ਜਵਾਬ ਸੀ, ‘ਮੈਂ ਨਾ ਤਾਂ ਖੱਬੇ ਪਾਸੇ ਝੁਕਦੀ ਹਾਂ ਤੇ ਨਾ ਹੀ ਸੱਜੇ ਪਾਸੇ। ਮੈਂ ਸਿੱਧੀ ਖੜ੍ਹੀ ਰਹਿੰਦੀ ਹਾਂ।’’

ਇਸ ਤੋਂ ਬਾਅਦ ਉਨ੍ਹਾਂ ਨੇ UPI ਫਰੇਮਵਰਕ ਦਾ ਜ਼ਿਕਰ ਕਰਦਿਆਂ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਮੋਦੀ ਨੇ ਇੱਕ ਵੱਖਰਾ ਰਸਤਾ ਅਪਣਾਇਆ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਅੱਗੇ ਕਿਹਾ ਕਿ ‘‘ਮੋਦੀ ਜੀ ਦਾ ਨਜ਼ਰੀਆ ਬਿਲਕੁਲ ਵੱਖਰਾ ਹੈ। ਉਹ ਨਾ ਤਾਂ ਖੱਬੇ ਪੱਖ ਵੱਲ ਹਨ ਤੇ ਨਾ ਹੀ ਸੱਜੇ ਪੱਖ ਵੱਲ, ਸਗੋਂ ਉਨ੍ਹਾਂ ਨੇ ਡੋਨਾਲਡ ਟਰੰਪ ਦੇ ਸਾਹਮਣੇ ਪੂਰੀ ਤਰ੍ਹਾਂ ਲੇਟ ਜਾਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਨੇ UPI ’ਤੇ ਟੈਕਸ ਲਗਾ ਕੇ ਹਰ ਭਾਰਤੀ ’ਤੇ ਟੈਕਸ ਦਾ ਬੋਝ ਪਾ ਦਿੱਤਾ ਹੈ ਤੇ ਅਮਰੀਕਾ ਨੂੰ ਵੱਡੀ ਰਕਮ ਦਿੱਤੀ ਹੈ।’’

ਉਨ੍ਹਾਂ ਨੇ ਅੱਗੇ ਕਿਹਾ ਕਿ ‘‘ਮੋਦੀ ਜੀ, ਕਿਰਪਾ ਕਰਕੇ ਅਮਰੀਕਾ ਦੇ ਸਾਹਮਣੇ ਲੇਟਣਾ ਬੰਦ ਕਰੋ। ਹਿੰਮਤ ਦਿਖਾਓ, ਖੜ੍ਹੇ ਹੋਵੋ ਤੇ UPI ਟੈਕਸ ਵਾਪਸ ਲਓ। ਧੰਨਵਾਦ।’’ ਇਸ ਤੋਂ ਪਹਿਲਾਂ ਕਾਂਗਰਸ ਨੇ ਨਵੇਂ MDR ਨੂੰ ‘ਮੋਦੀ ਟੈਕਸ’ ਦੱਸਿਆ ਸੀ ਤੇ ਦੋਸ਼ ਲਗਾਇਆ ਸੀ ਕਿ ਇਹ ਫ਼ੈਸਲਾ ਅਮਰੀਕਾ ਦੇ ਦਬਾਅ ਹੇਠ ਲਿਆ ਗਿਆ ਹੈ। ਪਾਰਟੀ ਨੇ ਇਸ ਨੀਤੀ ਨੂੰ ਲਾਗੂ ਕਰਨ ਦੇ ਸਰਕਾਰ ਦੇ ਤਰੀਕੇ ਦੀ ਵੀ ਆਲੋਚਨਾ ਕੀਤੀ ਹੈ। ਪਾਰਟੀ ਦੇ ਸੰਚਾਰ ਵਿਭਾਗ ਦੇ ਇੰਚਾਰਜ ਤੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਇਸ ਨੂੰ ‘FAST (ਪਹਿਲਾਂ ਐਲਾਨ, ਬਾਅਦ ’ਚ ਵਿਚਾਰ)’ ਕਦਮ ਦੀ ਇੱਕ ਹੋਰ ਉਦਾਹਰਨ ਦੱਸਿਆ ਹੈ।

Leave a Reply

Your email address will not be published. Required fields are marked *

View in English