ਯੂਟਿਊਬਰ ਧਰੁਵ ਰਾਠੀ ਦੀਆਂ ਵਧੀਆਂ ਮੁਸ਼ਕਲਾਂ: 2018 ਦੇ ਮਾਣਹਾਨੀ ਮਾਮਲੇ ਵਿੱਚ ਦਿੱਲੀ ਦੀ ਸਾਕੇਤ ਅਦਾਲਤ ਵੱਲੋਂ ਗੈਰ-ਜ਼ਮਾਨਤੀ ਵਾਰੰਟ ਜਾਰੀ

; 3 ਦਸੰਬਰ ਨੂੰ ਹੋਵੇਗੀ ਅਗਲੀ ਸੁਣਵਾਈ

ਨਵੀਂ ਦਿੱਲੀ, 23 ਨਵੰਬਰ, 2026: ਮਸ਼ਹੂਰ ਯੂਟਿਊਬਰ ਧਰੁਵ ਰਾਠੀ ਦੀਆਂ ਕਾਨੂੰਨੀ ਮੁਸ਼ਕਲਾਂ ਇੱਕ ਵਾਰ ਫਿਰ ਵਧ ਗਈਆਂ ਹਨ। ਸੋਮਵਾਰ ਨੂੰ ਦਿੱਲੀ ਦੀ ਸਾਕੇਤ ਜ਼ਿਲ੍ਹਾ ਅਦਾਲਤ ਨੇ 2018 ਦੇ ਇੱਕ ਪੁਰਾਣੇ ਅਪਰਾਧਿਕ ਮਾਣਹਾਨੀ ਮਾਮਲੇ ਵਿੱਚ ਵਾਰ-ਵਾਰ ਪੇਸ਼ ਨਾ ਹੋਣ ਕਾਰਨ ਧਰੁਵ ਰਾਠੀ ਖ਼ਿਲਾਫ਼ ਗੈਰ-ਜ਼ਮਾਨਤੀ ਵਾਰੰਟ (Non-Bailable Warrant) ਜਾਰੀ ਕੀਤਾ ਹੈ। ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਅਨਮ ਰਈਸ ਖ਼ਾਨ ਦੀ ਅਦਾਲਤ ਨੇ ਸ਼ਿਕਾਇਤਕਰਤਾ ਵਿਕਾਸ ਪਾਂਡੇ ਦੀ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਇਹ ਸਖ਼ਤ ਹੁਕਮ ਸੁਣਾਇਆ ਅਤੇ ਮਾਮਲੇ ਦੀ ਅਗਲੀ ਸੁਣਵਾਈ ਲਈ 3 ਦਸੰਬਰ, 2026 ਦੀ ਤਾਰੀਖ਼ ਤੈਅ ਕੀਤੀ ਹੈ।

ਕੀ ਹੈ 8 ਸਾਲ ਪੁਰਾਣਾ ਮਾਣਹਾਨੀ ਦਾ ਪੂਰਾ ਮਾਮਲਾ?

ਇਹ ਕਾਨੂੰਨੀ ਵਿਵਾਦ ਮਈ 2018 ਵਿੱਚ ਧਰੁਵ ਰਾਠੀ ਵੱਲੋਂ ਯੂਟਿਊਬ ‘ਤੇ ਅਪਲੋਡ ਕੀਤੇ ਗਏ ਇੱਕ ਵੀਡੀਓ ਤੋਂ ਸ਼ੁਰੂ ਹੋਇਆ ਸੀ। ‘ਭਾਜਪਾ ਆਈ.ਟੀ. ਸੈੱਲ ਭਾਗ-2’ ਸਿਰਲੇਖ ਹੇਠ ਜਾਰੀ ਕੀਤੇ ਗਏ ਇਸ ਵੀਡੀਓ ਵਿੱਚ ਰਾਠੀ ਨੇ ਦੋਸ਼ ਲਗਾਇਆ ਸੀ ਕਿ ਭਾਜਪਾ ਦੇ ਆਈ.ਟੀ. ਸੈੱਲ ਨੇ ਸ਼ਿਕਾਇਤਕਰਤਾ ਵਿਕਾਸ ਪਾਂਡੇ ਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ ਸੀ। ਸੋਸ਼ਲ ਮੀਡੀਆ ਪੇਜ ‘ਆਈ ਸਪੋਰਟ ਨਰਿੰਦਰ ਮੋਦੀ’ ਦੇ ਸੰਸਥਾਪਕ ਵਿਕਾਸ ਪਾਂਡੇ ਨੇ ਇਨ੍ਹਾਂ ਦੋਸ਼ਾਂ ਨੂੰ ਝੂਠਾ, ਬੇਬੁਨਿਆਦ ਅਤੇ ਆਪਣੀ ਛਵੀ ਖ਼ਰਾਬ ਕਰਨ ਦੀ ਸਾਜ਼ਿਸ਼ ਦੱਸਦਿਆਂ ਅਦਾਲਤ ਵਿੱਚ ਅਪਰਾਧਿਕ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਸੀ।

ਦੋ ਜ਼ਮਾਨਤੀ ਵਾਰੰਟਾਂ ਤੋਂ ਬਾਅਦ ਅਦਾਲਤ ਨੇ ਅਪਣਾਇਆ ਸਖ਼ਤ ਰੁਖ਼

ਅਦਾਲਤੀ ਰਿਕਾਰਡਾਂ ਮੁਤਾਬਕ, ਧਰੁਵ ਰਾਠੀ ਨੂੰ ਪਹਿਲਾਂ ਵੀ ਸੰਮਨ ਭੇਜੇ ਜਾ ਚੁੱਕੇ ਸਨ ਅਤੇ ਦੋ ਜ਼ਮਾਨਤੀ ਵਾਰੰਟ ਵੀ ਜਾਰੀ ਕੀਤੇ ਗਏ ਸਨ। ਪਰ ਜਰਮਨੀ ਵਿੱਚ ਰਹਿਣ ਕਾਰਨ ਉਨ੍ਹਾਂ ਦੀ ਨਿੱਜੀ ਪੇਸ਼ੀ ਵਿੱਚ ਲਗਾਤਾਰ ਦੇਰੀ ਹੋ ਰਹੀ ਸੀ। ਜ਼ਿਕਰਯੋਗ ਹੈ ਕਿ ਰਾਠੀ ਹਾਲ ਹੀ ਵਿੱਚ ਕਾਕਰੋਚ ਜਨਤਾ ਪਾਰਟੀ (CJP) ਵੱਲੋਂ ਕਰਵਾਏ ਗਏ ਇੱਕ ਅੰਦੋਲਨ ਵਿੱਚ ਹਿੱਸਾ ਲੈਣ ਲਈ ਭਾਰਤ ਆਏ ਸਨ ਅਤੇ ਅਕਤੂਬਰ ਵਿੱਚ ਵਾਪਸ ਜਰਮਨੀ ਚਲੇ ਗਏ ਸਨ। ਬੀਤੀ 12 ਅਕਤੂਬਰ, 2026 ਨੂੰ ਅਦਾਲਤ ਨੇ ਸ਼ਿਕਾਇਤਕਰਤਾ ਦੇ ਵਕੀਲ ਦੀ ਤੇਜ਼ ਸੁਣਵਾਈ ਅਤੇ ਸਖ਼ਤ ਕਾਰਵਾਈ ਸਬੰਧੀ ਅਰਜ਼ੀ ਮਨਜ਼ੂਰ ਕਰ ਲਈ ਸੀ, ਜਿਸ ਤੋਂ ਬਾਅਦ ਹੁਣ ਪੇਸ਼ ਨਾ ਹੋਣ ‘ਤੇ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਗਿਆ ਹੈ। ਇਸ ਹੁਕਮ ਤੋਂ ਬਾਅਦ ਹੁਣ ਭਾਰਤ ਪਰਤਣ ‘ਤੇ ਧਰੁਵ ਰਾਠੀ ‘ਤੇ ਗ੍ਰਿਫ਼ਤਾਰੀ ਦੀ ਤਲਵਾਰ ਲਟਕ ਗਈ ਹੈ।

ਅਰਵਿੰਦ ਕੇਜਰੀਵਾਲ ਦਾ ਨਾਮ ਵੀ ਰਿਹਾ ਸੀ ਚਰਚਾ ਵਿੱਚ

ਸਾਲ 2018 ਵਿੱਚ ਜਦੋਂ ਧਰੁਵ ਰਾਠੀ ਨੇ ਇਹ ਵਿਵਾਦਤ ਵੀਡੀਓ ਟਵਿੱਟਰ (ਹੁਣ X) ‘ਤੇ ਸਾਂਝਾ ਕੀਤਾ ਸੀ, ਤਾਂ ਦਿੱਲੀ ਦੇ ਤਤਕਾਲੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਇਸ ਨੂੰ ਰੀਟਵੀਟ ਕੀਤਾ ਸੀ। ਵਿਕਾਸ ਪਾਂਡੇ ਨੇ ਆਪਣੀ ਪਟੀਸ਼ਨ ਵਿੱਚ ਰਾਠੀ ਦੇ ਨਾਲ-ਨਾਲ ਕੇਜਰੀਵਾਲ ਨੂੰ ਵੀ ਧਿਰ ਬਣਾਇਆ ਸੀ। ਹਾਲਾਂਕਿ ਬਾਅਦ ਵਿੱਚ ਕੇਜਰੀਵਾਲ ਵੱਲੋਂ ਰੀਟਵੀਟ ਸਬੰਧੀ ਆਪਣੀ ਗ਼ਲਤੀ ਸਵੀਕਾਰ ਕਰ ਲਈ ਗਈ ਸੀ, ਪਰ ਧਰੁਵ ਰਾਠੀ ਖ਼ਿਲਾਫ਼ ਹੇਠਲੀ ਅਦਾਲਤ ਵਿੱਚ ਇਹ ਮਾਮਲਾ ਅਜੇ ਵੀ ਜਾਰੀ ਹੈ।

Leave a Reply

Your email address will not be published. Required fields are marked *

View in English