ਗੈਂਗਸਟਰ ਗੋਲਡੀ ਬਰਾੜ ‘ਤੇ ਕੈਨੇਡਾ ਵਿੱਚ ₹1.62 ਕਰੋੜ (2.5 ਲੱਖ ਕੈਨੇਡੀਅਨ ਡਾਲਰ) ਦਾ ਇਨਾਮ ਐਲਾਨਿਆ

ਕੈਨੇਡਾ ਦੇ ਸਭ ਤੋਂ ਵੱਧ ਲੋੜੀਂਦੇ ਭਗੌੜਿਆਂ ਦੀ ਸੂਚੀ ਵਿੱਚ ਸਿਖਰ ‘ਤੇ ਪਹੁੰਚਿਆ; ਅਮਰੀਕੀ ਏਜੰਸੀ FBI ਵੱਲੋਂ ਵੀ ਪਹਿਲਾਂ ਹੀ 10 ਲੱਖ ਡਾਲਰ ਦਾ ਇਨਾਮ ਘੋਸ਼ਿਤ

ਓਟਾਵਾ, 20 ਨਵੰਬਰ, 2026: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਸਮੇਤ ਭਾਰਤ ਵਿੱਚ ਕਈ ਸੰਗੀਨ ਮਾਮਲਿਆਂ ਵਿੱਚ ਲੋੜੀਂਦੇ ਗੈਂਗਸਟਰ ਗੋਲਡੀ ਬਰਾੜ (ਅਸਲ ਨਾਮ ਸਤਿੰਦਰਜੀਤ ਸਿੰਘ) ‘ਤੇ ਹੁਣ ਕੈਨੇਡਾ ਨੇ ਵੀ ਸ਼ਿਕੰਜਾ ਕੱਸ ਦਿੱਤਾ ਹੈ। ਕੈਨੇਡਾ ਦੇ ‘ਬੋਲੋ ਪ੍ਰੋਗਰਾਮ’ (Bolo Program) ਵੱਲੋਂ ਵੀਰਵਾਰ ਨੂੰ ਗੋਲਡੀ ਬਰਾੜ ਦੀ ਗ੍ਰਿਫ਼ਤਾਰੀ ਲਈ ਸੂਚਨਾ ਦੇਣ ਵਾਲੇ ਨੂੰ 2.5 ਲੱਖ ਕੈਨੇਡੀਅਨ ਡਾਲਰ (ਲਗਭਗ 1.62 ਕਰੋੜ ਭਾਰਤੀ ਰੁਪਏ) ਦਾ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਹੈ। ਭਾਰਤ ਤੋਂ ਫ਼ਰਾਰ ਹੋਇਆ ਗੋਲਡੀ ਬਰਾੜ ਹੁਣ ਕੈਨੇਡਾ ਦੇ ਸਭ ਤੋਂ ਵੱਧ ਲੋੜੀਂਦੇ (Most Wanted) ਭਗੌੜਿਆਂ ਦੀ ਸੂਚੀ ਵਿੱਚ ਵੀ ਪਹਿਲੇ ਨੰਬਰ ‘ਤੇ ਆ ਗਿਆ ਹੈ। ਇਹ ਇਨਾਮ 2 ਨਵੰਬਰ, 2027 ਤੱਕ ਵੈਧ ਰਹੇਗਾ।

ਕੈਨੇਡੀਅਨ ਪੁਲਿਸ ਨੂੰ ਕਿਸ ਮਾਮਲੇ ਵਿੱਚ ਹੈ ਗੋਲਡੀ ਬਰਾੜ ਦੀ ਭਾਲ?

ਕੈਨੇਡਾ ਦੀ ਵਿਨੀਪੈੱਗ ਪੁਲਿਸ ਨੂੰ 39 ਸਾਲਾ ਸੁਖਦੁਲ ਸਿੰਘ ਗਿੱਲ (ਸੁੱਖਾ ਦੁੱਨੇਕੇ) ਦੇ ਕਤਲ ਮਾਮਲੇ ਵਿੱਚ ਗੋਲਡੀ ਬਰਾੜ ਦੀ ਭਾਲ ਹੈ। ਜ਼ਿਕਰਯੋਗ ਹੈ ਕਿ 20 ਸਤੰਬਰ, 2023 ਨੂੰ ਵਿਨੀਪੈੱਗ ਦੇ ਹੇਜ਼ਲਟਨ ਡਰਾਈਵ ਦੇ 200 ਬਲਾਕ ਸਥਿਤ ਇੱਕ ਘਰ ਵਿੱਚ ਸੁਖਦੁਲ ਸਿੰਘ ਗਿੱਲ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿੱਚ ਗੋਲਡੀ ਬਰਾੜ ਅਤੇ ਕਰਨਬੀਰ ਸਿੰਘ ਵਿਰੁੱਧ 23 ਫਰਵਰੀ, 2026 ਨੂੰ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਗਏ ਸਨ। ਦੋਵਾਂ ‘ਤੇ ਪਹਿਲੀ ਡਿਗਰੀ ਕਤਲ (First-Degree Murder) ਅਤੇ ਕਤਲ ਦੀ ਸਾਜ਼ਿਸ਼ ਰਚਣ ਦੇ ਗੰਭੀਰ ਦੋਸ਼ ਲਗਾਏ ਗਏ ਹਨ।

ਅਮਰੀਕੀ ਏਜੰਸੀ FBI ਵੱਲੋਂ 10 ਲੱਖ ਡਾਲਰ ਦਾ ਇਨਾਮ ਅਤੇ ਕੌਮਾਂਤਰੀ ਕਾਰਵਾਈ

ਕੈਨੇਡਾ ਤੋਂ ਪਹਿਲਾਂ ਅਮਰੀਕੀ ਜਾਂਚ ਏਜੰਸੀ ਐੱਫ.ਬੀ.ਆਈ. (FBI) ਵੀ 28 ਸਤੰਬਰ ਨੂੰ ਗੋਲਡੀ ਬਰਾੜ ਨੂੰ ਆਪਣੇ 10 ਸਭ ਤੋਂ ਵੱਧ ਲੋੜੀਂਦੇ ਭਗੌੜਿਆਂ ਦੀ ਸੂਚੀ ਵਿੱਚ ਸ਼ਾਮਲ ਕਰਦਿਆਂ ਉਸ ‘ਤੇ 10 ਲੱਖ ਅਮਰੀਕੀ ਡਾਲਰ (ਲਗਭਗ 9.32 ਕਰੋੜ ਰੁਪਏ) ਦਾ ਇਨਾਮ ਐਲਾਨ ਚੁੱਕੀ ਹੈ।

ਹਾਲ ਹੀ ਵਿੱਚ ਸਾਹਮਣੇ ਆਈ ਅਮਰੀਕੀ ਰਿਪੋਰਟ ਅਤੇ ਦੋਸ਼ ਪੱਤਰ ਵਿੱਚ ਕੌਮਾਂਤਰੀ ਅਪਰਾਧਿਕ ਗਿਰੋਹਾਂ ਖ਼ਿਲਾਫ਼ ਹੋਈ ਕਾਰਵਾਈ ਦੇ ਕਈ ਅਹਿਮ ਵੇਰਵੇ ਸਾਹਮਣੇ ਆਏ ਹਨ:

‘ਆਪ੍ਰੇਸ਼ਨ ਹਾਰਡਬਾਲ’ ਤਹਿਤ ਵੱਡੀ ਕਾਰਵਾਈ: ਅਮਰੀਕਾ, ਕੈਨੇਡਾ ਅਤੇ ਯੂਰਪ ਦੀਆਂ ਏਜੰਸੀਆਂ ਨੇ ਭਾਰਤ ਨਾਲ ਜੁੜੇ ਤਿੰਨ ਕੌਮਾਂਤਰੀ ਅਪਰਾਧਿਕ ਸਿੰਡੀਕੇਟਾਂ ਵਿਰੁੱਧ ਸਾਂਝਾ ਆਪ੍ਰੇਸ਼ਨ ‘ਆਪ੍ਰੇਸ਼ਨ ਹਾਰਡਬਾਲ’ (Operation Hardball) ਚਲਾਇਆ, ਜਿਸ ਤਹਿਤ 37 ਵਿਅਕਤੀਆਂ ‘ਤੇ ਦੋਸ਼ ਆਇਦ ਕੀਤੇ ਗਏ ਅਤੇ 24 ਨੂੰ ਗ੍ਰਿਫ਼ਤਾਰ ਕੀਤਾ ਗਿਆ।

ਜੇਲ੍ਹ ਤੋਂ ਗੈਂਗ ਚਲਾਉਣ ਦੇ ਦੋਸ਼: ਅਮਰੀਕੀ ਦੋਸ਼ਾਂ ਅਨੁਸਾਰ, ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਭਾਰਤ ਦੀ ਜੇਲ੍ਹ ਵਿੱਚ ਬੰਦ ਰਹਿੰਦਿਆਂ ਮੋਬਾਈਲ ਫ਼ੋਨਾਂ ਅਤੇ ਇੰਟਰਨੈੱਟ ਕਾਲਿੰਗ (VoIP) ਰਾਹੀਂ ਕਤਲ, ਫਿਰੌਤੀ, ਅਗਵਾ, ਨਸ਼ਾ ਤਸਕਰੀ ਅਤੇ ਮਨੁੱਖੀ ਤਸਕਰੀ ਵਰਗੇ ਅਪਰਾਧਾਂ ਨੂੰ ਅੰਜਾਮ ਦਿੱਤਾ।

ਨਿੱਝਰ ਕਤਲ ਕਾਂਡ ਅਤੇ ਸਰਕਾਰ ਦੀ ਸ਼ਮੂਲੀਅਤ ਤੋਂ ਇਨਕਾਰ: ਅਮਰੀਕੀ ਨਿਆਂ ਵਿਭਾਗ ਨੇ ਦੋਸ਼ ਲਾਇਆ ਹੈ ਕਿ 18 ਜੂਨ, 2023 ਨੂੰ ਕੈਨੇਡਾ ਵਿੱਚ ਹਰਦੀਪ ਸਿੰਘ ਨਿੱਝਰ ਦੇ ਕਤਲ ਦਾ ਹੁਕਮ ਲਾਰੈਂਸ ਅਤੇ ਗੋਲਡੀ ਬਰਾੜ ਨੇ ਦਿੱਤਾ ਸੀ। ਹਾਲਾਂਕਿ, ਪੂਰੇ ਅਮਰੀਕੀ ਦੋਸ਼ ਪੱਤਰ ਅਤੇ ਪ੍ਰੈੱਸ ਰਿਲੀਜ਼ ਵਿੱਚ ਭਾਰਤ ਸਰਕਾਰ, ‘ਰਾਅ’ (RAW), ਐੱਨ.ਆਈ.ਏ. (NIA) ਜਾਂ ਕਿਸੇ ਵੀ ਭਾਰਤੀ ਸਰਕਾਰੀ ਅਧਿਕਾਰੀ ਵਿਰੁੱਧ ਕੋਈ ਦੋਸ਼ ਨਹੀਂ ਲਗਾਇਆ ਗਿਆ ਹੈ ਅਤੇ ਸਾਰੇ ਦੋਸ਼ ਸਿਰਫ਼ ਅਪਰਾਧਿਕ ਗਿਰੋਹਾਂ ਤੇ ਉਨ੍ਹਾਂ ਦੇ ਮੈਂਬਰਾਂ ਤੱਕ ਹੀ ਸੀਮਤ ਰੱਖੇ ਗਏ ਹਨ।

Leave a Reply

Your email address will not be published. Required fields are marked *

View in English