ਮੋਹਾਲੀ, 7 ਨਵੰਬਰ, 2026: ਮੋਹਾਲੀ ਵਿੱਚ ਆਮ ਆਦਮੀ ਪਾਰਟੀ (‘ਆਪ’) ਦੀ ਇੱਕ ਮੌਜੂਦਾ ਕੌਂਸਲਰ ਦੇ ਪਤੀ ਤੋਂ ਲਾਰੈਂਸ ਗੈਂਗ ਦੇ ਨਾਂ ‘ਤੇ 2 ਕਰੋੜ ਰੁਪਏ ਦੀ ਫਿਰੌਤੀ ਮੰਗਣ ਅਤੇ ਨਾ ਦੇਣ ‘ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਪੀੜਤ, ਜੋ ਕਿ ਖ਼ੁਦ ‘ਆਪ’ ਵਰਕਰ ਹਨ ਅਤੇ ਏਅਰਪੋਰਟ ਰੋਡ ‘ਤੇ ਪਿੰਡ ਬਲਿਆਲੀ ਨੇੜੇ ਆਪਣੀ 11 ਏਕੜ ਜੱਦੀ ਜ਼ਮੀਨ ਦੀ ਦੇਖਭਾਲ ਕਰਦੇ ਹਨ, ਦੀ ਸ਼ਿਕਾਇਤ ‘ਤੇ ਬਲੌਂਗੀ ਥਾਣਾ ਪੁਲਿਸ ਨੇ ਲਾਰੈਂਸ ਗੈਂਗ ਨਾਲ ਜੁੜੇ ਆਰਜੂ (ਅਰਜੁਨ) ਅਤੇ ਤਿੰਨ ਹੋਰ ਅਣਪਛਾਤੇ ਵਿਅਕਤੀਆਂ ਵਿਰੁੱਧ ਭਾਰਤੀ ਨਿਆਂ ਸੰਹਿਤਾ (BNS) ਦੀਆਂ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।
ਸ਼ਿਕਾਇਤ ਅਨੁਸਾਰ 4 ਅਕਤੂਬਰ ਨੂੰ ਜਦੋਂ ਪੀੜਤ ਫੇਜ਼-9 ਦੇ ਹਾਕੀ ਸਟੇਡੀਅਮ ਵਿੱਚ ਮੈਚ ਦੇਖ ਰਹੇ ਸਨ, ਤਾਂ ਉਨ੍ਹਾਂ ਨੂੰ ਇੱਕ ਵਿਦੇਸ਼ੀ ਨੰਬਰ ਤੋਂ ਵਟਸਐਪ ਕਾਲ ਆਈ। ਉਨ੍ਹਾਂ ਵੱਲੋਂ ਫ਼ੋਨ ਨਾ ਚੁੱਕਣ ‘ਤੇ ਦੋਸ਼ੀਆਂ ਨੇ ਉਨ੍ਹਾਂ ਦੇ ਪੁੱਤਰ ਨੂੰ ਫ਼ੋਨ ਕੀਤਾ ਅਤੇ ‘ਆਪ’ ਕੌਂਸਲਰ ਦਾ ਪੁੱਤਰ ਹੋਣ ਦੀ ਪੁਸ਼ਟੀ ਕਰਨ ਤੋਂ ਬਾਅਦ ਲਾਰੈਂਸ ਗੈਂਗ ਦਾ ਮੈਂਬਰ ਆਰਜੂ ਬੋਲਣ ਦਾ ਦਾਅਵਾ ਕਰਦਿਆਂ 2 ਕਰੋੜ ਰੁਪਏ ਦੀ ਰਕਮ ਤਿਆਰ ਰੱਖਣ ਦੀ ਧਮਕੀ ਦਿੱਤੀ। ਪੀੜਤ ਪਰਿਵਾਰ ਨੇ ਪੁਲਿਸ ਕੋਲ ਪਹੁੰਚ ਕਰਕੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਅਤੇ ਪਰਿਵਾਰ ਲਈ ਸੁਰੱਖਿਆ ਦੀ ਮੰਗ ਕੀਤੀ ਹੈ, ਜਿਸ ਤੋਂ ਬਾਅਦ ਪੁਲਿਸ ਟੀਮਾਂ ਨੇ ਮਾਮਲੇ ਦੀ ਜਾਂਚ ਅਤੇ ਦੋਸ਼ੀਆਂ ਦੀ ਛਾਣਬੀਣ ਸ਼ੁਰੂ ਕਰ ਦਿੱਤੀ ਹੈ।







