ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਨੌਜਵਾਨਾਂ ਨੂੰ ਦੀਵਾਲੀ ਦਾ ਤੋਹਫ਼ਾ: 801 ਨੂੰ ਮਿਲੀਆਂ ਸਰਕਾਰੀ ਨੌਕਰੀਆਂ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਨੌਜਵਾਨਾਂ ਨੂੰ ਦੀਵਾਲੀ ਦਾ ਤੋਹਫ਼ਾ: 801 ਨੂੰ ਮਿਲੀਆਂ ਸਰਕਾਰੀ ਨੌਕਰੀਆਂ

* ‘ਨਾ ਕੈਸ਼, ਨਾ ਫ਼ਰਮਾਇਸ਼’, ਸਰਕਾਰੀ ਨੌਕਰੀਆਂ ਨਿਰੋਲ ਮੈਰਿਟ ਦੇ ਆਧਾਰ ’ਤੇ ਦਿੱਤੀਆਂ ਜਾ ਰਹੀਆਂ ਹਨ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
* ਹੁਣ ਤੱਕ 71,777 ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ, ਫਿਰ ਵੀ ਇਕ ਰੁਪਏ ਦੀ ਰਿਸ਼ਵਤ ਦੀ ਖ਼ਬਰ ਨਹੀਂ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
* ਸਰਕਾਰ ਅਗਲੇ ਹਫ਼ਤੇ 600 ਹੋਰ ਨੌਜਵਾਨਾਂ ਨੂੰ ਦੇਵੇਗੀ ਸਰਕਾਰੀ ਨੌਕਰੀਆਂ ਦਾ ਤੋਹਫ਼ਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
* ਪਿਛਲੀਆਂ ਸਰਕਾਰਾਂ ਵੇਲੇ ‘ਕੈਸ਼’, ‘ਫ਼ਰਮਾਇਸ਼’ ਅਤੇ ‘ਵੱਢੀ’ ਰਾਹੀਂ ਵਿਕਦੀਆਂ ਸਨ ਸਰਕਾਰੀ ਨੌਕਰੀਆਂ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
* ਪਹਿਲਾਂ ਭਰਤੀ ਪ੍ਰਕਿਰਿਆਵਾਂ ਅਦਾਲਤਾਂ ਵਿੱਚ ਉਦੋਂ ਤੱਕ ਲਟਕੀਆਂ ਰਹਿੰਦੀਆਂ ਸਨ, ਜਦੋਂ ਤੱਕ ਉਮੀਦਵਾਰ ਉਮਰ ਸੀਮਾ ਨਹੀਂ ਲੰਘ ਜਾਂਦੇ ਸਨ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਚੰਡੀਗੜ੍ਹ, 3 ਨਵੰਬਰ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਮੋਹਾਲੀ ਵਿਖੇ ਨਵੇਂ ਭਰਤੀ ਹੋਏ 801 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ, ਜਿਸ ਨਾਲ ਉਨ੍ਹਾਂ ਨੂੰ ਸਰਕਾਰੀ ਨੌਕਰੀਆਂ ਰਾਹੀਂ ਦੀਵਾਲੀ ਦਾ ਤੋਹਫ਼ਾ ਮਿਲਿਆ ਅਤੇ ਉਨ੍ਹਾਂ ਦੀ ਸਰਕਾਰ ਅਧੀਨ ਕੁੱਲ ਭਰਤੀਆਂ ਦੀ ਗਿਣਤੀ 71,777 ਹੋ ਗਈ। ਇਸ ਗੱਲ ‘ਤੇ ਜ਼ੋਰ ਦਿੰਦਿਆਂ ਕਿ ਹਰੇਕ ਨਿਯੁਕਤੀ ਪੂਰੀ ਤਰ੍ਹਾਂ ਬਿਨਾਂ ਕਿਸੇ ‘ਕੈਸ਼’ ਜਾਂ ‘ਫ਼ਰਮਾਇਸ਼’ (ਸਿਫ਼ਾਰਸ਼) ਤੋਂ ਮੈਰਿਟ ਦੇ ਆਧਾਰ ‘ਤੇ ਕੀਤੀ ਗਈ ਹੈ, ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵੇਲੇ ਪੈਸੇ, ਸਿਫ਼ਾਰਸ਼ਾਂ ਅਤੇ ‘ਵੱਢੀ’ ਰਾਹੀਂ ਲੱਖਾਂ ਰੁਪਏ ਵਿੱਚ ਸਰਕਾਰੀ ਨੌਕਰੀਆਂ ਵਿਕਦੀਆਂ ਸਨ, ਜਦੋਂ ਕਿ ਸਾਡੀ ਸਰਕਾਰ ਨੇ ਬਿਨਾਂ ਇੱਕ ਰੁਪਏ ਦੀ ਰਿਸ਼ਵਤ ਦੇ ਪਾਰਦਰਸ਼ੀ ਭਰਤੀ ਯਕੀਨੀ ਬਣਾਈ ਹੈ। ਵਿਰੋਧੀ ਧਿਰ ਨੂੰ ਭਰਤੀ ਵਿੱਚ ਭ੍ਰਿਸ਼ਟਾਚਾਰ ਦੀ ਇੱਕ ਵੀ ਮਿਸਾਲ ਦਿਖਾਉਣ ਦੀ ਚੁਣੌਤੀ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਕਿ ਅਗਲੇ ਹਫ਼ਤੇ 600 ਹੋਰ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਮਿਲਣਗੀਆਂ।

ਸੋਸ਼ਲ ਮੀਡੀਆ ਪਲੇਟਫ਼ਾਰਮ ਐਕਸ ‘ਤੇ ਕੁੱਝ ਝਲਕੀਆਂ ਸਾਂਝੀਆਂ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਅੱਜ ਮੋਹਾਲੀ ਵਿਖੇ 801 ਨਵੇਂ ਭਰਤੀ ਹੋਏ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ। ਹੁਣ ਤੱਕ ਅਸੀਂ 71,777 ਤੋਂ ਵੱਧ ਨੌਜਵਾਨਾਂ ਨੂੰ ਪੂਰੀ ਤਰ੍ਹਾਂ ਮੁਫ਼ਤ ਅਤੇ ਨਿਰੋਲ ਮੈਰਿਟ ਦੇ ਆਧਾਰ ‘ਤੇ ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਸਿੱਖਿਆ ਦੇ ਖੇਤਰ ਵਿੱਚ ਕੀਤੇ ਗਏ ਕੰਮਾਂ ਬਦੌਲਤ ਪੰਜਾਬ ਅੱਜ ਪ੍ਰਾਇਮਰੀ ਸਿੱਖਿਆ ਵਿੱਚ ਦੇਸ਼ ਭਰ ਵਿੱਚੋਂ ਨੰਬਰ ਇੱਕ ‘ਤੇ ਹੈ। ਸਾਡਾ ਮਕਸਦ ਹਰ ਘਰ ਵਿੱਚ ਰੋਜ਼ਗਾਰ ਅਤੇ ਖ਼ੁਸ਼ਹਾਲੀ ਲਿਆ ਕੇ ਪੰਜਾਬ ਨੂੰ ਮੁੜ ‘ਰੰਗਲਾ ਪੰਜਾਬ’ ਬਣਾਉਣਾ ਹੈ। ਨਵੇਂ ਨਿਯੁਕਤ ਨੌਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਹਾਰਦਿਕ ਵਧਾਈਆਂ। ਪੂਰੀ ਇਮਾਨਦਾਰੀ ਅਤੇ ਸਮਰਪਣ ਭਾਵਨਾ ਨਾਲ ਪੰਜਾਬ ਦੇ ਲੋਕਾਂ ਦੀ ਸੇਵਾ ਕਰੋ।”

ਨਵੇਂ ਭਰਤੀ ਹੋਏ 801 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪਣ ਤੋਂ ਬਾਅਦ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਵਿਰੋਧੀ ਧਿਰ ਕਿਸੇ ਠੋਸ ਮੁੱਦੇ ਦੀ ਅਣਹੋਂਦ ਵਿੱਚ ਮੇਰੇ ਖ਼ਿਲਾਫ਼ ਦੂਸ਼ਣਬਾਜ਼ੀ ਕਰ ਰਹੀ ਹੈ। ਮੈਂ ਇਨ੍ਹਾਂ ਆਗੂਆਂ ਨੂੰ ਚੁਣੌਤੀ ਦਿੰਦਾ ਹਾਂ ਕਿ ਉਹ ਮੇਰੇ ‘ਤੇ ਭ੍ਰਿਸ਼ਟਾਚਾਰ ਦਾ ਇੱਕ ਵੀ ਦੋਸ਼ ਸਾਬਤ ਕਰਨ ਜਾਂ ਰਾਜਨੀਤੀ ਛੱਡ ਦੇਣ। ਉਹ ਇਸ ਲਈ ਨਿਰਾਸ਼ ਹਨ ਕਿਉਂਕਿ ਉਹ ਸਾਡੀ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਕਾਸ ਅਤੇ ਲੋਕ ਭਲਾਈ ਦੇ ਬੇਮਿਸਾਲ ਕੰਮਾਂ ਨੂੰ ਬਰਦਾਸ਼ਤ ਨਹੀਂ ਕਰ ਪਾ ਰਹੇ।”

ਅਕਾਲੀ ਦਲ ਅਤੇ ਕਾਂਗਰਸ ‘ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਪਾਰਟੀਆਂ ਨੇ ਆਪਣੇ ਨਿੱਜੀ ਹਿੱਤਾਂ ਦੀ ਰਾਜਨੀਤੀ ਰਾਹੀਂ ਪੰਜਾਬ ਨੂੰ ਆਰਥਿਕ ਅਤੇ ਸਮਾਜਿਕ ਮੰਦਹਾਲੀ ਵੱਲ ਧੱਕਿਆ ਹੈ। ਉਨ੍ਹਾਂ ਅੱਗੇ ਕਿਹਾ, “ਇਨ੍ਹਾਂ ਪਾਰਟੀਆਂ ਦੇ ਲੀਡਰ ਹੁਣ ਮੈਨੂੰ ਬਦਨਾਮ ਕਰਨ ਲਈ ਮਿਲ ਕੇ ਕੰਮ ਕਰ ਰਹੇ ਹਨ ਕਿਉਂਕਿ ਉਹ ਇਹ ਸਵੀਕਾਰ ਨਹੀਂ ਕਰ ਪਾ ਰਹੇ ਕਿ ਇੱਕ ਆਮ ਵਿਅਕਤੀ, ਬਿਨਾਂ ਕਿਸੇ ਸਿਆਸੀ ਪਰਿਵਾਰ ਜਾਂ ਵਿਰਾਸਤੀ ਤਾਕਤ ਦੇ ਪੰਜਾਬ ਦੇ ਆਮ ਲੋਕਾਂ ਲਈ ਕੰਮ ਕਰ ਰਿਹਾ ਹੈ। ਉਨ੍ਹਾਂ ਦੇ ਦੋਸ਼ਾਂ ਦਾ ਸਾਡਾ ਜਵਾਬ ਹਮੇਸ਼ਾ ਸਾਡਾ ਕੰਮ, ਸਾਡੀਆਂ ਪ੍ਰਾਪਤੀਆਂ ਅਤੇ ਆਮ ਪਰਿਵਾਰਾਂ ਦੇ ਚਿਹਰਿਆਂ ‘ਤੇ ਮੁਸਕਾਨ ਹੋਵੇਗਾ।”

ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਲੀਡਰਸ਼ਿਪ ਨੇ ਆਪਣੇ ਕਾਰਜਕਾਲ ਦੌਰਾਨ ਮਾਈਨਿੰਗ ਸਮੇਤ ਲਾਭਦਾਇਕ ਕਾਰੋਬਾਰਾਂ ‘ਤੇ ਕਬਜ਼ਾ ਕੀਤਾ ਅਤੇ ਸੂਬੇ ਦੇ ਸਰੋਤਾਂ ਦੀ ਵਰਤੋਂ ਨਿੱਜੀ ਹਿੱਤਾਂ ਲਈ ਕੀਤੀ। ਉਨ੍ਹਾਂ ਕਿਹਾ, “ਜਿਨ੍ਹਾਂ ਨੇ ਸਾਲਾਂਬੱਧੀ ਪੰਜਾਬ ਨੂੰ ਲੁੱਟਿਆ, ਉਹ ਅੱਜ ਇਮਾਨਦਾਰੀ ਦੇ ਭਾਸ਼ਣ ਦੇ ਰਹੇ ਹਨ। ਸੂਬੇ ਦੇ ਲੋਕ ਇਹ ਨਹੀਂ ਭੁੱਲੇ ਕਿ ਕਿਵੇਂ ਇਨ੍ਹਾਂ ਆਗੂਆਂ ਨੇ ਆਪਣੇ ਨਿੱਜੀ ਹਿੱਤਾਂ ਲਈ ਉਨ੍ਹਾਂ ਦੇ ਵਿਸ਼ਵਾਸ ਨਾਲ ਧੋਖਾ ਕੀਤਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਨੂੰ ਗਹਿਣੇ ਰੱਖ ਦਿੱਤਾ।”

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਅਕਾਲੀ ਦਲ ਦੇ ਆਗੂ ਕਿਸੇ ਸਮੇਂ 25 ਸਾਲ ਪੰਜਾਬ ‘ਤੇ ਰਾਜ ਕਰਨ ਦੇ ਦਾਅਵੇ ਕਰਦੇ ਸਨ, ਪਰ ਅੱਜ ਇਹ ਪਾਰਟੀ ਆਪਣੀਆਂ ਸਫ਼ਾਂ ਵਿੱਚ 25 ਭਰੋਸੇਯੋਗ ਲੀਡਰ ਲੱਭਣ ਲਈ ਜੱਦੋ-ਜਹਿਦ ਕਰ ਰਹੀ ਹੈ।”

ਨਵੇਂ ਭਰਤੀ ਹੋਏ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਦਿਨ 801 ਪਰਿਵਾਰਾਂ ਲਈ ਇਤਿਹਾਸਕ ਅਤੇ ਭਾਵੁਕ ਹੈ, ਜਿਨ੍ਹਾਂ ਦੇ ਨੌਜਵਾਨ ਜੀਆਂ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਸਰਕਾਰੀ ਮੁਲਾਜ਼ਮ ਬਣਨ ਦਾ ਮਾਣ ਹਾਸਲ ਕੀਤਾ ਹੈ। ਉਨ੍ਹਾਂ ਕਿਹਾ, “ਅੱਜ ਦੀਆਂ ਨਿਯੁਕਤੀਆਂ ਨਾਲ ਸਾਡੀ ਸਰਕਾਰ ਵੱਲੋਂ ਦਿੱਤੀਆਂ ਗਈਆਂ ਕੁੱਲ ਸਰਕਾਰੀ ਨੌਕਰੀਆਂ ਦੀ ਗਿਣਤੀ 71,777 ਹੋ ਗਈ ਹੈ। ਇਹ ਸਾਰੀਆਂ ਨੌਕਰੀਆਂ ਬਿਨਾਂ ਕਿਸੇ ਵਿਤਕਰੇ ਜਾਂ ਸਿਫ਼ਾਰਸ਼ ਦੇ ਨਿਰੋਲ ਮੈਰਿਟ ਦੇ ਆਧਾਰ ‘ਤੇ ਦਿੱਤੀਆਂ ਗਈਆਂ ਹਨ। ਇਹ ਨਿਯੁਕਤੀ ਪੱਤਰ ਮਹਿਜ਼ ਕਾਗਜ਼ ਦੇ ਟੁਕੜੇ ਨਹੀਂ ਹਨ, ਸਗੋਂ ਹਜ਼ਾਰਾਂ ਪਰਿਵਾਰਾਂ ਲਈ ਉਮੀਦ, ਅਣਖ ਅਤੇ ਸੁਰੱਖਿਅਤ ਭਵਿੱਖ ਦਾ ਪ੍ਰਤੀਕ ਹਨ।”

ਉਨ੍ਹਾਂ ਅੱਗੇ ਕਿਹਾ ਕਿ ਹਰ ਨਿਯੁਕਤੀ ਇੱਕ ਨੌਜਵਾਨ ਦੇ ਸੁਪਨਿਆਂ ਅਤੇ ਇੱਕ ਪੂਰੇ ਪਰਿਵਾਰ ਦੀਆਂ ਆਸਾਂ ਦੀ ਤਰਜਮਾਨੀ ਕਰਦੀ ਹੈ। “ਸਾਡੀ ਸਰਕਾਰ ਨੇ ਇਹ ਯਕੀਨੀ ਬਣਾਇਆ ਹੈ ਕਿ ਸਿਆਸੀ ਪਹੁੰਚ ਜਾਂ ਪੈਸਾ ਨਹੀਂ, ਸਗੋਂ ਯੋਗਤਾ ਹੀ ਪੰਜਾਬ ਦੇ ਨੌਜਵਾਨਾਂ ਦੇ ਭਵਿੱਖ ਦਾ ਫ਼ੈਸਲਾ ਕਰੇਗੀ।”

ਮੁੱਖ ਮੰਤਰੀ ਨੇ ਕਿਹਾ ਕਿ ਵਿਰੋਧੀ ਧਿਰ ਨੇ ਉਨ੍ਹਾਂ ‘ਤੇ ਵਾਰ-ਵਾਰ ਇਹ ਦੋਸ਼ ਲਾਏ ਹਨ ਕਿ ਉਹ ਸਰਕਾਰੀ ਖ਼ਜ਼ਾਨੇ ਨੂੰ ਲੁੱਟ ਰਹੇ ਹਨ। “ਸਾਡੀ ਸਰਕਾਰ ਵੱਲੋਂ ਕੀਤਾ ਜਾਂਦਾ ਹਰ ਕੰਮ ਲੋਕ ਭਲਾਈ ਲਈ ਹੁੰਦਾ ਹੈ। ਸੂਬੇ ਦਾ ਖ਼ਜ਼ਾਨਾ ਪੰਜਾਬ ਦੇ ਲੋਕਾਂ ਦਾ ਹੈ ਅਤੇ ਸਰਕਾਰੀ ਖ਼ਜ਼ਾਨੇ ਦਾ ਇੱਕ-ਇੱਕ ਪੈਸਾ ਲੋਕਾਂ ਦੀ ਭਲਾਈ ਲਈ ਖ਼ਰਚ ਕੀਤਾ ਜਾ ਰਿਹਾ ਹੈ। ਪਿਛਲੀਆਂ ਸਰਕਾਰਾਂ ਦੇ ਆਗੂ ਸਰਕਾਰੀ ਖ਼ਜ਼ਾਨੇ ਨੂੰ ਆਪਣੀ ਨਿੱਜੀ ਜਾਇਦਾਦ ਸਮਝਦੇ ਸਨ, ਜਦੋਂ ਕਿ ਅਸੀਂ ਆਪਣੇ ਆਪ ਨੂੰ ਲੋਕਾਂ ਦੇ ਪੈਸੇ ਦੇ ਟਰੱਸਟੀ (ਰੱਖਿਅਕ) ਮੰਨਦੇ ਹਾਂ।”

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੀ.ਐਸ.ਪੀ.ਸੀ.ਐਲ. ਵਿੱਚ ਸਹਾਇਕ ਅਸਾਮੀਆਂ ਵਿੱਚ ਲਗਪਗ 600 ਹੋਰ ਭਰਤੀ ਦੇ ਮੌਕੇ ਪਹਿਲਾਂ ਹੀ ਪੈਦਾ ਕੀਤੇ ਜਾ ਚੁੱਕੇ ਹਨ, ਜਿਸ ਨਾਲ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਹੋਰ ਮਜ਼ਬੂਤ ਹੋਏ ਹਨ।

ਨਵੇਂ ਨਿਯੁਕਤ ਮੁਲਾਜ਼ਮਾਂ ਨੂੰ ਉੱਚੇ ਨਿਸ਼ਾਨੇ ਮਿੱਥਣ ਲਈ ਪ੍ਰੇਰਿਤ ਕਰਦਿਆਂ ਉਨ੍ਹਾਂ ਨੌਜਵਾਨਾਂ ਨੂੰ ਯੂ.ਪੀ.ਐਸ.ਸੀ. ਪ੍ਰੀਖਿਆਵਾਂ ਦੀ ਤਿਆਰੀ ਕਰਨ ਅਤੇ ਆਈ.ਏ.ਐਸ. ਅਤੇ ਆਈ.ਪੀ.ਐਸ. ਅਫ਼ਸਰ ਬਣਨ ਦੀ ਇੱਛਾ ਰੱਖਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ, “ਸਾਡੀ ਸਰਕਾਰ ਸਿੱਖਿਆ ਢਾਂਚੇ ਨੂੰ ਮਜ਼ਬੂਤ ਕਰ ਰਹੀ ਹੈ ਅਤੇ ਬਿਹਤਰੀਨ ਸੰਸਥਾਵਾਂ ਸਥਾਪਿਤ ਕਰ ਰਹੀ ਹੈ ਤਾਂ ਜੋ ਆਮ ਅਤੇ ਲੋੜਵੰਦ ਪਰਿਵਾਰਾਂ ਦੇ ਬੱਚੇ ਦੇਸ਼ ਦੀ ਪ੍ਰਸ਼ਾਸਨਿਕ ਪ੍ਰਣਾਲੀ ਵਿੱਚ ਉੱਚ ਅਹੁਦਿਆਂ ‘ਤੇ ਪਹੁੰਚ ਸਕਣ।”

ਮੁੱਖ ਮੰਤਰੀ ਨੇ ਕਿਹਾ ਕਿ ਇਹ ਬਦਕਿਸਮਤੀ ਦੀ ਗੱਲ ਹੈ ਕਿ ਜਦੋਂ ਉਨ੍ਹਾਂ ਦੀ ਸਰਕਾਰ ਪੰਜਾਬ ਦੇ ਨੌਜਵਾਨਾਂ ਨੂੰ ਆਈ.ਏ.ਐਸ. ਅਤੇ ਆਈ.ਪੀ.ਐਸ. ਅਫ਼ਸਰ ਬਣਨ ਦੇ ਯੋਗ ਬਣਾਉਣ ਲਈ ਕੰਮ ਕਰ ਰਹੀ ਹੈ ਤਾਂ ਪਿਛਲੀ ਅਕਾਲੀ ਲੀਡਰਸ਼ਿਪ ਪਸ਼ੂ ਪਾਲਣ ਵਿੱਚ ਸਬਸਿਡੀਆਂ ਦੇਣ ਦੀ ਗੱਲ ਕਰਦੀ ਸੀ। ਉਨ੍ਹਾਂ ਅੱਗੇ ਕਿਹਾ, “ਪਸ਼ੂ ਪਾਲਣ ਵਿੱਚ ਕੋਈ ਬੁਰਾਈ ਨਹੀਂ ਹੈ, ਪਰ ਪੰਜਾਬ ਦੇ ਨੌਜਵਾਨਾਂ ਦੀਆਂ ਆਸਾਂ ਨੂੰ ਇੰਨੇ ਸੰਕੀਰਨ ਦਾਇਰੇ ਤੱਕ ਸੀਮਤ ਨਹੀਂ ਕੀਤਾ ਜਾ ਸਕਦਾ। ਸੂਬੇ ਦੇ ਬੱਚੇ ਭਵਿੱਖ ਦੇ ਪ੍ਰਸ਼ਾਸਕ, ਵਿਗਿਆਨੀ, ਡਾਕਟਰ, ਇੰਜਨੀਅਰ ਅਤੇ ਲੀਡਰ ਬਣਨ ਦੇ ਮੌਕਿਆਂ ਦੇ ਹੱਕਦਾਰ ਹਨ।”

ਸਿੱਖਿਆ ਦੇ ਖੇਤਰ ਵਿੱਚ ਪ੍ਰਾਪਤੀਆਂ ‘ਤੇ ਚਾਨਣਾ ਪਾਉਂਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਵਿੱਚ ਕੇਰਲਾ ਨੂੰ ਵੀ ਪਛਾੜ ਕੇ ਨੰਬਰ ਇੱਕ ਸੂਬਾ ਬਣ ਕੇ ਉੱਭਰਿਆ ਹੈ।

ਉਨ੍ਹਾਂ ਕਿਹਾ ਕਿ ਇਹ ਸ਼ਾਨਦਾਰ ਬਦਲਾਅ ਹਰ ਬੱਚੇ ਨੂੰ, ਚਾਹੇ ਉਸ ਦਾ ਸਮਾਜਿਕ ਜਾਂ ਆਰਥਿਕ ਪਿਛੋਕੜ ਕੋਈ ਵੀ ਹੋਵੇ, ਮਿਆਰੀ ਸਿੱਖਿਆ ਅਤੇ ਬਰਾਬਰ ਦੇ ਮੌਕੇ ਪ੍ਰਦਾਨ ਕਰਨ ਲਈ ਸਰਕਾਰ ਦੀ ਵਚਨਬੱਧਤਾ ਦਾ ਨਤੀਜਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਨੇ ਸਿੰਜਾਈ ਪ੍ਰਣਾਲੀ ਦਾ ਵੀ ਵੱਡੇ ਪੱਧਰ ‘ਤੇ ਕਾਇਆ-ਕਲਪ ਕੀਤਾ ਹੈ ਅਤੇ ਇਹ ਯਕੀਨੀ ਬਣਾਇਆ ਹੈ ਕਿ ਨਹਿਰੀ ਪਾਣੀ ਉਨ੍ਹਾਂ ਖੇਤਾਂ ਤੱਕ ਪਹੁੰਚੇ, ਜੋ ਦਹਾਕਿਆਂ ਤੋਂ ਇਸ ਕੀਮਤੀ ਸਰੋਤ ਤੋਂ ਵਾਂਝੇ ਸਨ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਮਜ਼ਬੂਤ ਕੀਤੇ ਨਹਿਰੀ ਨੈੱਟਵਰਕ ਰਾਹੀਂ ਹੁਣ ਲਗਪਗ 18,000 ਕਿਊਸਿਕ ਪਾਣੀ ਖੇਤਾਂ ਤੱਕ ਪਹੁੰਚ ਰਿਹਾ ਹੈ, ਜੋ ਕਿ ਪੂਰੀ ਭਾਖੜਾ ਨਹਿਰ ਦੀ ਸਮਰੱਥਾ ਦੇ ਬਰਾਬਰ ਹੈ। “ਇਸ ਨਾਲ ਧਰਤੀ ਹੇਠਲੇ ਪਾਣੀ ‘ਤੇ ਨਿਰਭਰਤਾ ਕਾਫ਼ੀ ਘਟੀ ਹੈ ਅਤੇ ਕਈ ਇਲਾਕਿਆਂ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ ਇੱਕ ਤੋਂ ਪੰਜ ਮੀਟਰ ਤੱਕ ਸੁਧਾਰਨ ਵਿੱਚ ਮਦਦ ਮਿਲੀ ਹੈ। ਸਾਡੀ ਸਰਕਾਰ ਪੰਜਾਬ ਦੇ ਕੀਮਤੀ ਜਲ ਸਰੋਤਾਂ ਦੀ ਸੰਭਾਲ ਲਈ ਵਚਨਬੱਧ ਹੈ ਅਤੇ ਨਾਲ ਹੀ ਇਹ ਵੀ ਯਕੀਨੀ ਬਣਾ ਰਹੀ ਹੈ ਕਿ ਕਿਸਾਨਾਂ ਨੂੰ ਸਿੰਜਾਈ ਲਈ ਢੁਕਵਾਂ ਪਾਣੀ ਮਿਲੇ।”

ਮੁੱਖ ਮੰਤਰੀ ਨੇ ਕਿਹਾ ਕਿ ਦਹਾਕਿਆਂ ਤੋਂ ਕਿਸਾਨ ਧਰਤੀ ਹੇਠਲੇ ਪਾਣੀ ‘ਤੇ ਨਿਰਭਰ ਰਹਿਣ ਲਈ ਮਜਬੂਰ ਸਨ, ਪਰ ਉਨ੍ਹਾਂ ਦੀ ਸਰਕਾਰ ਨਹਿਰੀ ਪ੍ਰਣਾਲੀ ਨੂੰ ਬਹਾਲ ਕਰ ਰਹੀ ਹੈ ਅਤੇ ਟੇਲਾਂ
ਤੱਕ ਪਾਣੀ ਪਹੁੰਚਾ ਰਹੀ ਹੈ। “ਇਹ ਮਹਿਜ਼ ਇੱਕ ਸਿੰਜਾਈ ਸੁਧਾਰ ਨਹੀਂ ਹੈ, ਸਗੋਂ ਪੰਜਾਬ ਦੇ ਭਵਿੱਖ ਅਤੇ ਇਸ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਵਿੱਚ ਇੱਕ ਨਿਵੇਸ਼ ਹੈ। ਪੰਜਾਬ ਦੇ ਲੋਕਾਂ ਨੇ ਲਗਾਤਾਰ ਆਈਆਂ ਸਰਕਾਰਾਂ ਦੇ ਮਾੜੇ ਸ਼ਾਸਨ ਦੇ ਨਤੀਜੇ ਦੇਖੇ ਹਨ ਅਤੇ ਉਹ ਸੂਬੇ ਨੂੰ ਕਦੇ ਵੀ ਉਨ੍ਹਾਂ ਕਾਲੇ ਦਿਨਾਂ ਵੱਲ ਵਾਪਸ ਨਹੀਂ ਜਾਣ ਦੇਣਗੇ।”

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਹੁਣ ਲੋਕ-ਪੱਖੀ ਸੋਚ, ਵਿਸ਼ਵਾਸ ਅਤੇ ਵਿਕਾਸ ਦੀ ਨਵੀਂ ਹਵਾ ਦਾ ਗਵਾਹ ਬਣ ਰਿਹਾ ਹੈ। ਸਰਕਾਰ ਸੂਬੇ ਨੂੰ ਤਰੱਕੀ ਦੀ ਲੀਹ ‘ਤੇ ਦ੍ਰਿੜ੍ਹਤਾ ਨਾਲ ਅੱਗੇ ਵਧਾਉਣ ਲਈ ਸਿੱਖਿਆ, ਸਿਹਤ ਸੰਭਾਲ, ਖੇਤੀਬਾੜੀ, ਖੇਡਾਂ, ਬੁਨਿਆਦੀ ਢਾਂਚੇ ਅਤੇ ਰੋਜ਼ਗਾਰ ਦੇ ਮੌਕਿਆਂ ਨੂੰ ਇੱਕੋ ਸਮੇਂ ਮਜ਼ਬੂਤ ਕਰ ਰਹੀ ਹੈ।

ਚੱਲ ਰਹੀ ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਆਲਮੀ ਪੱਧਰ ਦੇ ਖੇਡ ਬੁਨਿਆਦੀ ਢਾਂਚੇ ਅਤੇ ਉੱਭਰਦੀ ਪ੍ਰਤਿਭਾ ਲਈ ਮੌਕੇ ਪ੍ਰਦਾਨ ਕਰ ਕੇ ਪੰਜਾਬ ਦੀ ਖੇਡ ਰਵਾਇਤ ਨੂੰ ਸੁਰਜੀਤ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਖੇਡਾਂ ਰਾਹੀਂ ਨੌਜਵਾਨਾਂ ਦੀ ਊਰਜਾ ਨੂੰ ਸਹੀ ਦਿਸ਼ਾ ਦੇਣ ਅਤੇ ਉਨ੍ਹਾਂ ਨੂੰ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਦੂਰ ਰੱਖਣ ਲਈ ਖੇਡਾਂ ਨੂੰ ਪ੍ਰਭਾਵਸ਼ਾਲੀ ਸਾਧਨ ਬਣਾਉਣ ਲਈ ਦ੍ਰਿੜ੍ਹ ਹੈ।

ਆਪਣੀ ਸਰਕਾਰ ਦੀ ਵਚਨਬੱਧਤਾ ਦੁਹਰਾਉਂਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਰਕਾਰ ਸਿਆਸੀ ਸਾਂਝਾਂ ਤੋਂ ਉੱਪਰ ਉੱਠ ਕੇ ਸਮਾਜ ਦੇ ਹਰ ਵਰਗ ਲਈ ਰੋਜ਼ਗਾਰ, ਜਨਤਕ ਸੇਵਾਵਾਂ ਵਿੱਚ ਸੁਧਾਰ ਅਤੇ ਖ਼ੁਸ਼ਹਾਲ ਭਵਿੱਖ ਬਣਾਉਣ ਦੇ ਆਪਣੇ ਮਿਸ਼ਨ ਨੂੰ ਜਾਰੀ ਰੱਖੇਗੀ। ਉਨ੍ਹਾਂ ਕਿਹਾ, “ਪੰਜਾਬ ਦੇ ਲੋਕਾਂ ਨੇ ਸਾਨੂੰ ਸੇਵਾ ਕਰਨ ਦੀ ਜ਼ਿੰਮੇਵਾਰੀ ਦਿੱਤੀ ਹੈ ਅਤੇ ਅਸੀਂ ਇਸ ਨੂੰ ਇਮਾਨਦਾਰੀ ਅਤੇ ਸਮਰਪਣ ਨਾਲ ਨਿਭਾ ਰਹੇ ਹਾਂ।”

Leave a Reply

Your email address will not be published. Required fields are marked *

View in English