ਮੋਹਾਲੀ/ਚੰਡੀਗੜ੍ਹ, 31 ਅਕਤੂਬਰ, 2026: ਪੰਜਾਬ ਅਤੇ ਚੰਡੀਗੜ੍ਹ ਵਿੱਚ ਅੱਜ ਤੋਂ ਮੌਸਮ ਪੂਰੀ ਤਰ੍ਹਾਂ ਖੁਸ਼ਕ ਅਤੇ ਸਾਫ਼ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ ਆਉਂਦੀ 5 ਨਵੰਬਰ ਤੱਕ ਸੂਬੇ ਵਿੱਚ ਮੀਂਹ ਪੈਣ ਦੀ ਕੋਈ ਉਮੀਦ ਨਹੀਂ ਹੈ। ਅਸਮਾਨ ਸਾਫ਼ ਰਹਿਣ ਕਾਰਨ ਦਿਨ ਵੇਲੇ ਧੁੱਪ ਨਿਕਲੇਗੀ, ਜਦੋਂ ਕਿ ਸਵੇਰ ਅਤੇ ਸ਼ਾਮ ਵੇਲੇ ਠੰਢ ਦਾ ਅਸਰ ਹੋਰ ਤੇਜ਼ ਹੋਵੇਗਾ। ਬੀਤੇ ਦਿਨ ਵੱਧ ਤੋਂ ਵੱਧ ਤਾਪਮਾਨ ਵਿੱਚ 1.1 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ, ਜਿਸ ਨਾਲ ਇਹ ਆਮ ਨਾਲੋਂ 1.8 ਡਿਗਰੀ ਹੇਠਾਂ ਚੱਲ ਰਿਹਾ ਹੈ।
ਹਿਮਾਚਲ ਪ੍ਰਦੇਸ਼ ਦੀ ਸਰਹੱਦ ਨਾਲ ਲੱਗਦੇ ਪਠਾਨਕੋਟ, ਹੁਸ਼ਿਆਰਪੁਰ ਅਤੇ ਰੂਪਨਗਰ ਆਦਿ ਜ਼ਿਲ੍ਹਿਆਂ ਵਿੱਚ ਤਾਪਮਾਨ 1 ਤੋਂ 4.4 ਡਿਗਰੀ ਤੱਕ ਡਿੱਗਣ ਕਾਰਨ ਮੈਦਾਨੀ ਇਲਾਕਿਆਂ ਵਿੱਚ ਠੰਢ ਨੇ ਜ਼ੋਰ ਫੜ ਲਿਆ ਹੈ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਰਾਤ ਅਤੇ ਸਵੇਰ ਦੇ ਤਾਪਮਾਨ ਵਿੱਚ ਹੋਰ ਗਿਰਾਵਟ ਆਉਣ ਦੀ ਸੰਭਾਵਨਾ ਹੈ।







