ਪਰਵਿੰਦਰ ਝੋਟਾ ਕਤਲ ਕਾਂਡ: ਸੰਘਰਸ਼ ਕਮੇਟੀ ਵੱਲੋਂ ਅੱਜ ਪੰਜਾਬ ਭਰ ਵਿੱਚ ‘ਆਪ’ ਦੇ ਚੋਣ ਨਿਸ਼ਾਨ ਝਾੜੂ ਫੂਕ ਕੇ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ

ਮਾਨਸਾ/ਬਠਿੰਡਾ, 25 ਅਕਤੂਬਰ, 2026: ਨਸ਼ਿਆਂ ਵਿਰੁੱਧ ਲੜਾਈ ਲੜਨ ਵਾਲੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਵਿੱਚ ਇਨਸਾਫ਼ ਦੀ ਮੰਗ ਕਰ ਰਹੀ ਮਾਨਸਾ ਸੰਘਰਸ਼ ਕਮੇਟੀ ਨੇ ਪੰਜਾਬ ਸਰਕਾਰ ਵਿਰੁੱਧ ਆਰ-ਪਾਰ ਦੀ ਲੜਾਈ ਦਾ ਐਲਾਨ ਕਰ ਦਿੱਤਾ ਹੈ। ਸਰਕਾਰ ਵੱਲੋਂ 11 ਮੰਗਾਂ ‘ਤੇ ਦਿੱਤੇ ਲਿਖਤੀ ਭਰੋਸੇ ਨੂੰ ਅਧੂਰਾ ਕਰਾਰ ਦਿੰਦਿਆਂ ਕਮੇਟੀ ਨੇ ਐਤਵਾਰ, 25 ਅਕਤੂਬਰ ਨੂੰ ਦੁਪਹਿਰ 12 ਵਜੇ ਤੋਂ ਸ਼ਾਮ 7 ਵਜੇ ਤੱਕ ਪੂਰੇ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਆਮ ਆਦਮੀ ਪਾਰਟੀ (AAP) ਦੇ ਚੋਣ ਨਿਸ਼ਾਨ ‘ਝਾੜੂ’ ਨੂੰ ਫੂਕ ਕੇ ਰੋਸ ਪ੍ਰਦਰਸ਼ਨ ਕਰਨ ਦਾ ਫ਼ੈਸਲਾ ਕੀਤਾ ਹੈ। ਮਾਨਸਾ ਵਿਖੇ ਚੱਲ ਰਹੇ ਧਰਨੇ ‘ਚ ਦੁਪਹਿਰ 2 ਵਜੇ ਵਿਸ਼ੇਸ਼ ਤੌਰ ‘ਤੇ ਝਾੜੂ ਸਾੜੇ ਜਾਣਗੇ।

ਮੁੱਖ ਮੰਤਰੀ ਅਤੇ ਡੀ.ਜੀ.ਪੀ. ਦੇ ਅਸਤੀਫ਼ਿਆਂ ‘ਤੇ ਅੜੀ ਕਮੇਟੀ

ਸੰਘਰਸ਼ ਕਮੇਟੀ ਨੇ ਸਪੱਸ਼ਟ ਕੀਤਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਪੁਲਿਸ ਡਾਇਰੈਕਟਰ ਜਨਰਲ (DGP) ਦਾ ਅਸਤੀਫ਼ਾ ਉਨ੍ਹਾਂ ਦੀਆਂ ਮੁੱਖ ਮੰਗਾਂ ਵਿੱਚ ਸ਼ਾਮਲ ਹੈ। ਕਮੇਟੀ ਅਨੁਸਾਰ ਪ੍ਰਸ਼ਾਸਨ ਨਾਲ ਹੋਈਆਂ ਬੈਠਕਾਂ ਵਿੱਚ ਇਨ੍ਹਾਂ ਦੋ ਮੰਗਾਂ ‘ਤੇ ਕੋਈ ਠੋਸ ਜਵਾਬ ਨਹੀਂ ਦਿੱਤਾ ਗਿਆ। ਕਮੇਟੀ ਨੇ ਮੰਗ ਕੀਤੀ ਹੈ ਕਿ ਕੋਈ ਕੈਬਨਿਟ ਮੰਤਰੀ ਜਾਂ ਅਧਿਕਾਰਤ ਸਰਕਾਰੀ ਨੁਮਾਇੰਦਾ ਆਪ ਮਾਨਸਾ ਪਹੁੰਚ ਕੇ ਪਰਿਵਾਰ ਨਾਲ ਗੱਲਬਾਤ ਕਰੇ।

ਟਰਾਮਾ ਸੈਂਟਰ ਅਤੇ ਵਿਧਾਨ ਸਭਾ ਪ੍ਰਸ਼ਨ ‘ਤੇ ਚੁੱਕੇ ਸਵਾਲ:

  • ਟਰਾਮਾ ਸੈਂਟਰ ਦਾ ਬਜਟ: ਸਰਕਾਰ ਵੱਲੋਂ ਝੋਟਾ ਦੇ ਨਾਂ ‘ਤੇ ਭਵਿੱਖ ਵਿੱਚ ਟਰੌਮਾ ਸੈਂਟਰ ਬਣਾਉਣ ਦੇ ਆਏ ਭਰੋਸੇ ‘ਤੇ ਅਸੰਤੁਸ਼ਟੀ ਪ੍ਰਗਟਾਉਂਦਿਆਂ ਕਮੇਟੀ ਨੇ ਸਵਾਲ ਕੀਤਾ ਕਿ ਇਸ ਦੇ ਨਿਰਮਾਣ ਲਈ ਬਜਟ ਕਦੋਂ ਜਾਰੀ ਹੋਵੇਗਾ, ਸਥਾਨ ਕਿਹੜਾ ਹੋਵੇਗਾ ਅਤੇ ਕੰਮ ਕਦੋਂ ਸ਼ੁਰੂ ਕੀਤਾ ਜਾਵੇਗਾ।
  • ਵਿਧਾਨ ਸਭਾ ਵਿੱਚ ਅਣਦੇਖੀ: ਕਮੇਟੀ ਨੇ ਦੋਸ਼ ਲਾਇਆ ਕਿ ਪੰਜਾਬ ਵਿਧਾਨ ਸਭਾ ਸੈਸ਼ਨ ਦੌਰਾਨ ਸਰਕਾਰ ਨੇ ਝੋਟਾ ਨੂੰ ਸਿਰਫ਼ ਰਸਮੀ ਸ਼ਰਧਾਂਜਲੀ ਦਿੱਤੀ। ਨਸ਼ਿਆਂ ਵਿਰੁੱਧ ਜੰਗ ਅਤੇ ਝੋਟਾ ਦੀ ਮੌਤ ਦੇ ਗੰਭੀਰ ਮੁੱਦੇ ‘ਤੇ ਵਿਰੋਧੀ ਧਿਰ ਨੂੰ ਚਰਚਾ ਕਰਨ ਲਈ ਢੁਕਵਾਂ ਸਮਾਂ ਨਹੀਂ ਦਿੱਤਾ ਗਿਆ।

Leave a Reply

Your email address will not be published. Required fields are marked *

View in English