ਤਰਨ ਤਾਰਨ ‘ਚ ਸ਼ੋਅਰੂਮ ਮਾਲਕ ‘ਤੇ ਫਾਇਰਿੰਗ ਕਰਨ ਆਏ ਹਮਲਾਵਰ ਨੂੰ ਦੁਕਾਨਦਾਰ ਨੇ ਮੌਕੇ ‘ਤੇ ਹੀ ਦਬੋਚਿਆ; ਪਿਸਤੌਲ ਬਰਾਮਦ, ਸਾਥੀ ਫ਼ਰਾਰ

ਤਰਨ ਤਾਰਨ/ਪੱਟੀ, 10 ਅਕਤੂਬਰ, 2026: ਤਰਨ ਤਾਰਨ ਦੇ ਅੱਡਾ ਬਾਜ਼ਾਰ ਸਥਿਤ ਕੁੰਦਨ ਸਿੰਘ ਮਾਰਕੀਟ ਵਿੱਚ ਅੱਜ ਉਸ ਵੇਲੇ ਹੜਕੰਪ ਮਚ ਗਿਆ, ਜਦੋਂ ਇੱਕ ਸ਼ੋਅਰੂਮ ਮਾਲਕ ‘ਤੇ ਜਾਨਲੇਵਾ ਹਮਲਾ ਕਰਨ ਆਏ ਦੋ ਅਪਰਾਧੀਆਂ ਵਿੱਚੋਂ ਇੱਕ ਨੂੰ ਦੁਕਾਨਦਾਰ ਨੇ ਬਹਾਦਰੀ ਦਿਖਾਉਂਦਿਆਂ ਮੌਕੇ ‘ਤੇ ਹੀ ਕਾਬੂ ਕਰ ਲਿਆ। ਲੋਕਾਂ ਦੀ ਕੁੱਟਮਾਰ ਦੌਰਾਨ ਜ਼ਖਮੀ ਹੋਏ ਦੋਸ਼ੀ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਅਤੇ ਉਸ ਦੇ ਕਬਜ਼ੇ ‘ਚੋਂ ਇੱਕ ਪਿਸਤੌਲ ਬਰਾਮਦ ਕੀਤੀ ਗਈ ਹੈ, ਜਦਕਿ ਉਸ ਦਾ ਦੂਜਾ ਸਾਥੀ ਮੌਕੇ ਤੋਂ ਫ਼ਰਾਰ ਹੋਣ ‘ਚ ਸਫ਼ਲ ਹੋ ਗਿਆ।

ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਕੱਕਾ ਕੰਡਿਆਲਾ ਦਾ ਰਹਿਣ ਵਾਲਾ ਗੁਰਦੇਵ ਸਿੰਘ, ਜੋ ਫਿਲਹਾਲ ਤਰਨ ਤਾਰਨ ਦੇ ਗੁਰੂ ਤੇਗ ਬਹਾਦਰ ਨਗਰ ਵਿਖੇ ਰਹਿੰਦਾ ਹੈ, ਕੁੰਦਨ ਸਿੰਘ ਮਾਰਕੀਟ ‘ਚ ‘ਹੇਮਕੁੰਡ ਕਲੈਕਸ਼ਨ ਸੈਂਟਰ’ ਨਾਮਕ ਸ਼ੋਅਰੂਮ ਚਲਾਉਂਦਾ ਹੈ। ਅੱਜ ਦੋ ਨੌਜਵਾਨ ਪੈਦਲ ਆਏ ਅਤੇ ਜੁੱਤੇ ਖਰੀਦਣ ਦੇ ਬਹਾਨੇ ਸ਼ੋਅਰੂਮ ਅੰਦਰ ਦਾਖਲ ਹੋਏ। ਇਸੇ ਦੌਰਾਨ ਉਨ੍ਹਾਂ ਵਿੱਚੋਂ ਇੱਕ ਨੇ ਪਿਸਤੌਲ ਕੱਢ ਕੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਪਰ ਦੁਕਾਨਦਾਰ ਗੁਰਦੇਵ ਸਿੰਘ ਨੇ ਬਿਨਾਂ ਡਰੇ ਤੁਰੰਤ ਹਮਲਾਵਰ ਨੂੰ ਜੱਫਾ ਪਾ ਲਿਆ।

ਦੁਕਾਨਦਾਰ ਦਾ ਰੌਲਾ ਸੁਣ ਕੇ ਆਸ-ਪਾਸ ਦੇ ਦੁਕਾਨਦਾਰ ਅਤੇ ਰਾਹਗੀਰ ਤੁਰੰਤ ਮੌਕੇ ‘ਤੇ ਇਕੱਠੇ ਹੋ ਗਏ, ਜਿਨ੍ਹਾਂ ਨੇ ਹਮਲਾਵਰ ਦੀ ਜੰਮ ਕੇ ਛਿੱਲ ਲਾਹੀ। ਇਸ ਹਾਥੋਪਾਈ ਅਤੇ ਕੁੱਟਮਾਰ ਦੌਰਾਨ ਦੋਸ਼ੀ ਜ਼ਖਮੀ ਹੋ ਗਿਆ। ਕਾਬੂ ਕੀਤੇ ਗਏ ਮੁਲਜ਼ਮ ਦੀ ਪਛਾਣ ਰਾਹੁਲ, ਵਾਸੀ ਮੁਹੱਲਾ ਨਾਨਕਸਰ (ਤਰਨ ਤਾਰਨ) ਵਜੋਂ ਹੋਈ ਹੈ। ਮੌਕੇ ‘ਤੇ ਪਹੁੰਚੀ ਪੁਲਿਸ ਟੀਮ ਨੇ ਪਿਸਤੌਲ ਜ਼ਬਤ ਕਰਕੇ ਜ਼ਖਮੀ ਦੋਸ਼ੀ ਨੂੰ ਹਸਪਤਾਲ ਪਹੁੰਚਾਇਆ ਹੈ ਅਤੇ ਫ਼ਰਾਰ ਹੋਏ ਦੂਜੇ ਸਾਥੀ ਦੀ ਭਾਲ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *

View in English