ਚੰਡੀਗੜ੍ਹ, 7 ਅਕਤੂਬਰ, 2026: ਆਮ ਆਦਮੀ ਪਾਰਟੀ (AAP) ਪੰਜਾਬ ਦੇ ਜਨਰਲ ਸਕੱਤਰ ਅਤੇ ਮੁੱਖ ਬੁਲਾਰੇ ਬਲਤੇਜ ਸਿੰਘ ਪੰਨੂ ਦੇ ਪਾਰਟੀ ਤੋਂ ਅਸਤੀਫ਼ਾ ਦੇਣ ਦੀਆਂ ਚੱਲ ਰਹੀਆਂ ਖ਼ਬਰਾਂ ਮਹਿਜ਼ ਅਫ਼ਵਾਹਾਂ ਸਾਬਤ ਹੋਈਆਂ ਹਨ। ਬੀਤੀ ਰਾਤ ਤੋਂ ਸੋਸ਼ਲ ਮੀਡੀਆ ਅਤੇ ਸਿਆਸੀ ਹਲਕਿਆਂ ਵਿੱਚ ਉਨ੍ਹਾਂ ਦੇ ਅਸਤੀਫ਼ੇ ਨੂੰ ਲੈ ਕੇ ਚਰਚਾਵਾਂ ਦਾ ਬਾਜ਼ਾਰ ਕਾਫ਼ੀ ਗਰਮ ਸੀ। ਇੱਥੋਂ ਤੱਕ ਕਿ ਕੈਨੇਡਾ, ਅਮਰੀਕਾ ਸਮੇਤ ਵਿਦੇਸ਼ਾਂ ਵਿੱਚ ਬੈਠੇ ਪੱਤਰਕਾਰਾਂ ਵੱਲੋਂ ਵੀ ਇਸ ਖ਼ਬਰ ਦੀ ਸੱਚਾਈ ਜਾਣਨ ਲਈ ਲਗਾਤਾਰ ਫ਼ੋਨ ਕੀਤੇ ਜਾ ਰਹੇ ਸਨ।
ਜਦੋਂ ਇਸ ਪੂਰੇ ਮਾਮਲੇ ਦੀ ਅਸਲੀਅਤ ਪਰਖਣ ਲਈ ਬਲਤੇਜ ਪੰਨੂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਅਸਤੀਫ਼ੇ ਦੀਆਂ ਇਨ੍ਹਾਂ ਤਮਾਮ ਚਰਚਾਵਾਂ ਨੂੰ ਸਿਰੇ ਤੋਂ ਨਕਾਰ ਦਿੱਤਾ। ਪੰਨੂ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ, “ਅਸੀਂ ਮਿਸ਼ਨ ‘ਤੇ ਹਾਂ, ਕਮਿਸ਼ਨ ‘ਤੇ ਨਹੀਂ।”
ਉਨ੍ਹਾਂ ਅੱਗੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੇ ਇੱਕ ਵਫ਼ਾਦਾਰ ਸਿਪਾਹੀ ਵਜੋਂ ਪੂਰੀ ਮਜ਼ਬੂਤੀ ਨਾਲ ਡਟੇ ਹੋਏ ਹਨ ਅਤੇ ਉਨ੍ਹਾਂ ਦੇ ਪਾਰਟੀ ਛੱਡਣ ਜਾਂ ਪਿੱਛੇ ਹਟਣ ਦਾ ਕੋਈ ਵੀ ਸਵਾਲ ਪੈਦਾ ਨਹੀਂ ਹੁੰਦਾ। ਇਸ ਸਪੱਸ਼ਟੀਕਰਨ ਨਾਲ ਉਨ੍ਹਾਂ ਦੇ ਅਸਤੀਫ਼ੇ ਨੂੰ ਲੈ ਕੇ ਫੈਲੀਆਂ ਤਮਾਮ ਅਫ਼ਵਾਹਾਂ ‘ਤੇ ਹੁਣ ਪੂਰੀ ਤਰ੍ਹਾਂ ਵਿਰਾਮ ਲੱਗ ਗਿਆ ਹੈ।







