ਲੁਧਿਆਣਾ:
4 ਅਕਤੂਬਰ, 2026
ਪੰਜਾਬ ਵਿਧਾਨ ਸਭਾ ਚੋਣਾਂ 2027 ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਕਾਰ ਗੱਠਜੋੜ ਦੀਆਂ ਤਿਆਰੀਆਂ ਅੰਤਿਮ ਚਰਨ ਵਿੱਚ ਪਹੁੰਚ ਗਈਆਂ ਹਨ। ਅਕਾਲੀ ਦਲ ਵਲੋਂ ਕਰਵਾਏ ਗਏ ਤਿੰਨ ਵੱਖ-ਵੱਖ ਅੰਦਰੂਨੀ ਸਰਵੇਖਣਾਂ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਸੂਬੇ ਵਿੱਚ ਸਰਕਾਰ ਬਣਾਉਣ ਲਈ ਭਾਜਪਾ ਨਾਲ ਗੱਠਜੋੜ ਬਹੁਤ ਜ਼ਰੂਰੀ ਹੈ। ਸਰਵੇਖਣ ਅਨੁਸਾਰ ਜੇਕਰ ਅਕਾਲੀ ਦਲ ਇਕੱਲੇ ਚੋਣ ਲੜਦਾ ਹੈ ਤਾਂ ਉਸ ਨੂੰ ਮਹਿਜ਼ 30 ਤੋਂ 35 ਸੀਟਾਂ ਹੀ ਮਿਲਣ ਦਾ ਅਨੁਮਾਨ ਹੈ, ਜਦਕਿ ਭਾਜਪਾ ਨਾਲ ਮਿਲ ਕੇ ਚੋਣ ਲੜਨ ਦੀ ਸੂਰਤ ਵਿੱਚ ਇਹ ਗੱਠਜੋੜ 58 ਤੋਂ 60 ਸੀਟਾਂ ਜਿੱਤ ਕੇ ਆਸਾਨੀ ਨਾਲ ਸਰਕਾਰ ਬਣਾ ਸਕਦਾ ਹੈ। ਇਸ ਤੋਂ ਇਲਾਵਾ ਸ਼ਹਿਰੀ ਖੇਤਰਾਂ ਦੇ ਨਾਲ-ਨਾਲ ਪੇਂਡੂ ਸੀਟਾਂ ‘ਤੇ ਵੀ ਭਾਜਪਾ ਦਾ ਪ੍ਰਭਾਵ ਵਧਣ ਕਾਰਨ ਗੱਠਜੋੜ ਪਾਰਟੀ ਲਈ ਫਾਇਦੇਮੰਦ ਸਾਬਤ ਹੋਵੇਗਾ।
ਦੋਵਾਂ ਪਾਰਟੀਆਂ ਦੀ ਸਿਖਰਲੀ ਲੀਡਰਸ਼ਿਪ ਵਿਚਕਾਰ 60-57 ਦੇ ਫਾਰਮੂਲੇ ‘ਤੇ ਸਮਝੌਤਾ ਹੋ ਗਿਆ ਹੈ, ਜਿਸ ਅਧੀਨ ਭਾਜਪਾ 60 ਅਤੇ ਅਕਾਲੀ ਦਲ 57 ਸੀਟਾਂ ‘ਤੇ ਚੋਣ ਲੜੇਗਾ। ਦੋਵੇਂ ਪਾਰਟੀਆਂ ਬਿਨਾਂ ਕਿਸੇ ਮੁੱਖ ਮੰਤਰੀ ਚਿਹਰੇ ਦੇ ਚੋਣ ਮੈਦਾਨ ਵਿੱਚ ਉਤਰਨਗੀਆਂ, ਜਿੱਥੇ ਭਾਜਪਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਦੇ ਨਾਂ ‘ਤੇ ਵੋਟਾਂ ਮੰਗੇਗਾ ਅਤੇ ਚੋਣਾਂ ਤੋਂ ਬਾਅਦ ਵੱਧ ਸੀਟਾਂ ਜਿੱਤਣ ਵਾਲੀ ਪਾਰਟੀ ਦਾ ਮੁੱਖ ਮੰਤਰੀ ਬਣਾਇਆ ਜਾਵੇਗਾ।
ਗੱਠਜੋੜ ਲਗਭਗ ਤੈਅ ਹੋਣ ਦੇ ਬਾਵਜੂਦ ਇਸ ਦੇ ਰਸਮੀ ਐਲਾਨ ਵਿੱਚ ਦੇਰੀ ਹੋਣ ਦੇ ਤਿੰਨ ਮੁੱਖ ਕਾਰਨ ਸਾਹਮਣੇ ਆਏ ਹਨ। ਪਹਿਲਾ ਕਾਰਨ ਅਕਾਲੀ ਦਲ ਪੁਨਰਸੁਰਜੀਤ ਦਾ ਗੱਠਜੋੜ ਵਿੱਚ ਸਮਾਯੋਜਨ ਹੈ, ਜਿਸ ਨੂੰ ਭਾਜਪਾ ਆਪਣੇ ਕੋਟੇ ਦੀਆਂ 60 ਸੀਟਾਂ ਵਿੱਚੋਂ 8 ਤੋਂ 10 ਸੀਟਾਂ ਦੇਣ ਦੀ ਤਿਆਰੀ ਕਰ ਰਹੀ ਹੈ। ਦੂਜਾ ਕਾਰਨ ਕੁਝ ਖਾਸ ਸ਼ਹਿਰੀ ਅਤੇ ਪੇਂਡੂ ਸੀਟਾਂ ਦੀ ਵੰਡ ਨੂੰ ਲੈ ਕੇ ਪੇਚ ਫਸਿਆ ਹੋਇਆ ਹੈ, ਕਿਉਂਕਿ ਅਕਾਲੀ ਦਲ ਭਾਜਪਾ ਦੇ ਹਿੱਸੇ ਆਈਆਂ 60 ਸੀਟਾਂ ਵਿੱਚੋਂ ਆਪਣੇ ਸੀਨੀਅਰ ਆਗੂਆਂ ਲਈ ਕੁਝ ਪਸੰਦੀਦਾ ਸੀਟਾਂ ਦੀ ਮੰਗ ਕਰ ਰਿਹਾ ਹੈ। ਤੀਜਾ ਕਾਰਨ ਇਹ ਹੈ ਕਿ ਰਸਮੀ ਐਲਾਨ ਤੋਂ ਪਹਿਲਾਂ ਦੋਵੇਂ ਪਾਰਟੀਆਂ ਸਾਰੀਆਂ 117 ਸੀਟਾਂ ‘ਤੇ ਆਪਣੇ ਵਰਕਰਾਂ ਨੂੰ ਸਰਗਰਮ ਰੱਖਣਾ ਚਾਹੁੰਦੀਆਂ ਹਨ, ਜਿਸ ਤਹਿਤ ਸੁਖਬੀਰ ਬਾਦਲ ਪੇਂਡੂ ਖੇਤਰਾਂ ਵਿੱਚ ਰੈਲੀਆਂ ਕਰ ਰਹੇ ਹਨ ਅਤੇ ਭਾਜਪਾ ਆਗੂ ਸ਼ਹਿਰੀ ਖੇਤਰਾਂ ਵਿੱਚ ਪ੍ਰਚਾਰ ਵਿੱਚ ਜੁਟੇ ਹੋਏ ਹਨ।







