ਫੈਕਟ ਸਮਾਚਾਰ ਸੇਵਾ
ਮੁਹਾਲੀ , ਸਤੰਬਰ 24
ਗਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਦੇ ਦਫ਼ਤਰ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਮੰਗਲਵਾਰ ਨੂੰ ਸਵੇਰੇ 11 ਵਜੇ ਸ਼ੁਰੂ ਕੀਤੀ ਗਈ ਜਾਂਚ ਵੀਰਵਾਰ ਨੂੰ ਤੀਜੇ ਦਿਨ ਵੀ ਲਗਾਤਾਰ ਜਾਰੀ ਰਹੀ। ਈਡੀ ਦੀਆਂ ਟੀਮਾਂ ਵੱਲੋਂ ਗਮਾਡਾ ਦੇ ਵੱਖ-ਵੱਖ ਰਿਕਾਰਡਾਂ, ਵਿੱਤੀ ਲੈਣ-ਦੇਣ ਅਤੇ ਮਹੱਤਵਪੂਰਨ ਫਾਈਲਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਗਮਾਡਾ ਦੇ ਕਈ ਅਧਿਕਾਰੀ ਈਡੀ ਦੀ ਨਿਗਰਾਨੀ ਹੇਠ ਗਮਾਡਾ ਦਫ਼ਤਰ ਵਿੱਚ ਹੀ ਮੌਜੂਦ ਹਨ। ਉਨ੍ਹਾਂ ਨੂੰ ਘਰ ਵੀ ਨਹੀਂ ਜਾਣ ਦਿੱਤਾ ਗਿਆ।
ਦੂਜੇ ਪਾਸੇ ਕੇਂਦਰੀ ਜਾਂਚ ਏਜੰਸੀ ਈਡੀ ਦੀ ਇਸ ਕਾਰਵਾਈ ਦੇ ਵਿਰੋਧ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਨੇ ਮੋਰਚਾ ਖੋਲ੍ਹ ਦਿੱਤਾ ਹੈ। ‘ਆਪ’ ਨੇ ਈਡੀ ਦੀ ਜਾਂਚ ਨੂੰ ਸਿਆਸਤ ਤੋਂ ਪ੍ਰੇਰਿਤ ਕਰਾਰ ਦਿੰਦਿਆਂ ਗਮਾਡਾ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਸੀ।
ਪਾਰਟੀ ਦੀ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਯੋਜਨਾ ਕਮੇਟੀ ਦੀ ਚੇਅਰਪਰਸਨ ਪ੍ਰਭਜੋਤ ਕੌਰ ਨੇ ਪ੍ਰਦਰਸ਼ਨ ਦੀ ਅਗਵਾਈ ਕਰਦਿਆਂ ਆਮ ਆਦਮੀ ਪਾਰਟੀ ਦੇ ਸਮੂਹ ਵਲੰਟੀਅਰਾਂ, ਅਹੁਦੇਦਾਰਾਂ ਅਤੇ ਸਥਾਨਕ ਆਗੂਆਂ ਨੂੰ ਵੱਡੀ ਗਿਣਤੀ ਵਿੱਚ ਪਹੁੰਚਣ ਦਾ ਸੱਦਾ ਦਿੱਤਾ। ਇਸ ਦੇ ਤਹਿਤ ਗਮਾਡਾ ਦਫ਼ਤਰ ਦੇ ਬਾਹਰ ‘ਆਪ’ ਵਲੰਟੀਅਰਾਂ ਦਾ ਪ੍ਰਦਰਸ਼ਨ ਸ਼ੁਰੂ ਹੋ ਗਿਆ।
ਪ੍ਰਦਰਸ਼ਨ ਦੌਰਾਨ ਵਰਕਰਾਂ ਵੱਲੋਂ ‘ਜਦੋਂ ਵੀ ਮੋਦੀ ਡਰਦੈ, ਈਡੀ ਨੂੰ ਅੱਗੇ ਕਰਦੈ’ ਸਮੇਤ ਹੋਰ ਨਾਅਰੇ ਲਗਾਏ ਗਏ। ਰੋਸ ਪ੍ਰਦਰਸ਼ਨ ਦੀਆਂ ਤਿਆਰੀਆਂ ਨੂੰ ਦੇਖਦਿਆਂ ਗਮਾਡਾ ਦਫ਼ਤਰ ਦੇ ਆਲੇ-ਦੁਆਲੇ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ। ਮੌਕੇ ’ਤੇ ਵੱਡੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ, ਤਾਂ ਜੋ ਅਮਨ-ਕਾਨੂੰਨ ਦੀ ਸਥਿਤੀ ਬਣੀ ਰਹੇ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਿਆ ਜਾ ਸਕੇ।
ਈਡੀ ਦੀ ਜਾਂਚ ਅਤੇ ‘ਆਪ’ ਦੇ ਪ੍ਰਦਰਸ਼ਨ ਦੇ ਮੱਦੇਨਜ਼ਰ ਗਮਾਡਾ ਦਫ਼ਤਰ ਦੇ ਆਲੇ-ਦੁਆਲੇ ਸੁਰੱਖਿਆ ਅਤੇ ਪ੍ਰਸ਼ਾਸਨਿਕ ਗਤੀਵਿਧੀਆਂ ’ਤੇ ਨਜ਼ਰ ਰੱਖੀ ਜਾ ਰਹੀ ਹੈ।







