ਨੰਗਲ ਨੂੰ ਮਿਲੇਗਾ 500 ਸੀਟਾਂ ਵਾਲਾ ਅਤਿ-ਆਧੁਨਿਕ ਆਡੀਟੋਰੀਅਮ: ਹਰਜੋਤ ਬੈਂਸ ਵੱਲੋਂ ‘ਸਕੂਲ ਆਫ਼ ਐਮੀਨੈਂਸ’ ਵਿਖੇ 19 ਕਰੋੜ ਰੁਪਏ ਦੇ ਬੁਨਿਆਦੀ ਢਾਂਚਾ ਪ੍ਰਾਜੈਕਟਾਂ ਦਾ ਆਗਾਜ਼

ਫੈਕਟ ਸਮਾਚਾਰ ਸੇਵਾ

ਨੰਗਲ, ਸਤੰਬਰ 21

ਨੰਗਲ ਸ਼ਹਿਰ ਦੇ ਵਸਨੀਕਾਂ ਦੀ ਚਿਰੋਕਣੀ ਮੰਗ ਨੂੰ ਪੂਰਦਿਆਂ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਡਾ. ਭੀਮ ਰਾਓ ਅੰਬੇਡਕਰ ਸਕੂਲ ਆਫ਼ ਐਮੀਨੈਂਸ, ਨੰਗਲ ਵਿਖੇ 11 ਕਰੋੜ ਰੁਪਏ ਦੀ ਲਾਗਤ ਨਾਲ 500 ਸੀਟਾਂ ਵਾਲੇ ਅਤਿ-ਆਧੁਨਿਕ ਆਡੀਟੋਰੀਅਮ ਦੀ ਉਸਾਰੀ ’ਭੂਮੀ ਪੂਜਨ’ ਕਰਾ ਕੇ ਸ਼ੁਰੂ ਕਰਵਾਈ।

ਇਸ ਦੇ ਨਾਲ ਹੀ ਹਰਜੋਤ ਬੈਂਸ ਨੇ ਇਸ ਸਕੂਲ ਵਿੱਚ 8 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਨਵੇਂ ਅਕਾਦਮਿਕ ਬਲਾਕ ਦੀ ਉਸਾਰੀ ਦੀ ਸ਼ੁਰੂਆਤ ਵੀ ਕੀਤੀ। ਇਸ ਬਲਾਕ ਵਿੱਚ ਸੱਤ ਅਤਿ-ਆਧੁਨਿਕ ਲੈਬਾਂ ਅਤੇ ਸੱਤ ਨਵੇਂ ਕਮਰੇ ਬਣਾਏ ਜਾਣਗੇ।

ਇਸ ਮੌਕੇ ਬੋਲਦਿਆਂ ਸਿੱਖਿਆ ਮੰਤਰੀ ਨੇ ਕਿਹਾ ਕਿ ਨੰਗਲ ਵਿੱਚ ਹੁਣ ਤੱਕ ਕਿਸੇ ਅਜਿਹੇ ਆਧੁਨਿਕ ਆਡੀਟੋਰੀਅਮ ਦੀ ਘਾਟ ਸੀ ਜਿੱਥੇ ਸਥਾਨਕ ਲੋਕ, ਵਿੱਦਿਅਕ ਅਦਾਰੇ ਅਤੇ ਹੋਰ ਸੰਸਥਾਵਾਂ ਆਪਣੇ ਸਮਾਗਮ ਜਾਂ ਹੋਰ ਪ੍ਰੋਗਰਾਮ ਕਰ ਸਕਣ। ਉਨ੍ਹਾਂ ਕਿਹਾ ਕਿ ਡਾ. ਭੀਮ ਰਾਓ ਅੰਬੇਡਕਰ ਦੇ ਨਾਂ ’ਤੇ ਬਣਨ ਵਾਲਾ ਇਹ ਅਤਿ-ਆਧੁਨਿਕ ਆਡੀਟੋਰੀਅਮ ਨਾ ਸਿਰਫ਼ ਸਕੂਲ ਲਈ ਇੱਕ ਵੱਡਾ ਤੋਹਫ਼ਾ ਹੋਵੇਗਾ, ਸਗੋਂ ਨੰਗਲ ਦੇ ਵਸਨੀਕਾਂ ਦੀ ਚਿਰੋਕਣੀ ਮੰਗ ਨੂੰ ਵੀ ਪੂਰਾ ਕਰੇਗਾ। ਉਨ੍ਹਾਂ ਨੇ ਕਿਹਾ ਕਿ ‘‘500 ਸੀਟਾਂ ਵਾਲਾ ਇਹ ਆਡੀਟੋਰੀਅਮ, ਜਿੱਥੇ ਕਈ ਤਰ੍ਹਾਂ ਦੇ ਸੱਭਿਆਚਾਰਕ ਸਮਾਗਮ, ਸੈਮੀਨਾਰ ਅਤੇ ਹੋਰ ਪ੍ਰੋਗਰਾਮ ਕਰਵਾਏ ਜਾ ਸਕਣਗੇ। ਇਸ ਤੋਂ ਇਲਾਵਾ ਆਡੀਟੋਰੀਅਮ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਲਈ ਇੱਕ ਬਹੁਤ ਵੱਡਾ ਮੰਚ ਪ੍ਰਦਾਨ ਕਰੇਗਾ।’’

ਸਿੱਖਿਆ ਮੰਤਰੀ ਨੇ ਕਿਹਾ ਕਿ ਇਹ ਨਵਾਂ ਬਲਾਕ ਆਧੁਨਿਕ ਸਿੱਖਿਆ ਲਈ ਬਿਹਤਰ ਸਹੂਲਤਾਂ ਪ੍ਰਦਾਨ ਕਰਨ ਦੀ ਦਿਸ਼ਾ ਵਿੱਚ ਇੱਕ ਹੋਰ ਮਹੱਤਵਪੂਰਨ ਕਦਮ ਹੈ। ਉਨ੍ਹਾਂ ਕਿਹਾ ਕਿ ਸੱਤ ਅਤਿ-ਆਧੁਨਿਕ ਲੈਬਾਂ ਅਤੇ ਸੱਤ ਨਵੇਂ ਕਮਰਿਆਂ ਨਾਲ ਸਕੂਲ ਦੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤੀ ਮਿਲੇਗੀ ਅਤੇ ਵਿਦਿਆਰਥੀਆਂ ਲਈ ਪੜ੍ਹਾਈ ਦੇ ਨਾਲ-ਨਾਲ ਵਿਹਾਰਕ ਸਿੱਖਿਆ (ਪ੍ਰੈਕਟੀਕਲ ਲਰਨਿੰਗ) ਵਾਸਤੇ ਬਿਹਤਰ ਮਾਹੌਲ ਸਿਰਜਿਆ ਜਾਵੇਗਾ।

ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਰਕਾਰੀ ਸਕੂਲਾਂ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕਰਨ ਅਤੇ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਸਿੱਖਿਆ ਪ੍ਰਦਾਨ ਕਰਨ ਲਈ ਲਗਾਤਾਰ ਯਤਨਸ਼ੀਲ ਹੈ। ’ਸਕੂਲ ਆਫ਼ ਐਮੀਨੈਂਸ’ ਇਸੇ ਸੋਚ ਦਾ ਹਿੱਸਾ ਹਨ, ਜਿੱਥੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇ ਨਾਲ-ਨਾਲ ਖੇਡਾਂ, ਸੱਭਿਆਚਾਰਕ ਗਤੀਵਿਧੀਆਂ, ਲੈਬਾਂ ਅਤੇ ਹੋਰ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ।

ਉਨ੍ਹਾਂ ਇਹ ਵੀ ਦੱਸਿਆ ਕਿ ਹਾਲ ਹੀ ਦੌਰਾਨ ਨੰਗਲ ਦੇ ਵਿਕਾਸ ਲਈ ਕਈ ਵੱਡੇ ਪ੍ਰਾਜੈਕਟ ਸ਼ੁਰੂ ਕੀਤੇ ਗਏ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਸ਼ਹਿਰ ਦੀਆਂ ਬੁਨਿਆਦੀ ਲੋੜਾਂ ਨੂੰ ਪੂਰਾ ਕਰਨ ਲਈ ਵਿਕਾਸ ਕਾਰਜਾਂ ਦੀ ਰਫ਼ਤਾਰ ਹੋਰ ਤੇਜ਼ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ, ‘‘ਨੰਗਲ ਨੂੰ ਆਧੁਨਿਕ ਸਹੂਲਤਾਂ ਵਾਲਾ ਬਿਹਤਰੀਨ ਅਤੇ ਹੋਰ ਸੁੰਦਰ ਸ਼ਹਿਰ ਬਣਾਉਣਾ ਮੇਰੀ ਮੁੱਖ ਤਰਜੀਹ ਹੈ।’’

Leave a Reply

Your email address will not be published. Required fields are marked *

View in English