ਫੈਕਟ ਸਮਾਚਾਰ ਸੇਵਾ
ਮੋਹਾਲੀ , ਸਤੰਬਰ 16
ਗ਼ੈਰ-ਕਾਨੂੰਨੀ ਕਾਲ ਸੈਂਟਰਾਂ ਅਤੇ ਸਾਈਬਰ ਠੱਗੀ ਕਰਨ ਵਾਲੇ ਗਿਰੋਹਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀਆਂ ਟੀਮਾਂ ਵੱਲੋਂ ਪਟਿਆਲਾ ਦੇ ਅਰਬਨ ਅਸਟੇਟ ਸਥਿਤ ‘ਡੀਐੱਮ ਵੈੱਬ ਸੋਲਿਊਸ਼ਨਜ਼’ ’ਤੇ ਕੀਤੀ ਗਈ ਛਾਪੇਮਾਰੀ 14 ਘੰਟੇ ਲੰਘ ਜਾਣ ਤੋਂ ਬਾਅਦ ਵੀ ਜਾਰੀ ਹੈ। ਜਾਣਕਾਰੀ ਅਨੁਸਾਰ ਈਡੀ ਨੂੰ ਇਨ੍ਹਾਂ ਫਰਮਾਂ ਰਾਹੀਂ ਕਰੋੜਾਂ ਰੁਪਏ ਦੇ ਸ਼ੱਕੀ ਲੈਣ-ਦੇਣ ਦਾ ਸੁਰਾਗ ਮਿਲਿਆ ਸੀ, ਜਿਸ ਤੋਂ ਬਾਅਦ ਮੁਹਾਲੀ ਅਤੇ ਪਟਿਆਲਾ ਵਿੱਚ ਇਹ ਕਾਰਵਾਈ ਅੰਜਾਮ ਦਿੱਤੀ ਗਈ।
ਜਾਣਕਾਰੀ ਅਨੁਸਾਰ ਈਡੀ ਦੀਆਂ ਟੀਮਾਂ ਮੰਗਲਵਾਰ ਦੇਰ ਸ਼ਾਮ ਇਨ੍ਹਾਂ ਟਿਕਾਣਿਆਂ ’ਤੇ ਪੁੱਜੀਆਂ ਸਨ। ਨਕਲੀ ਕਾਲ ਸੈਂਟਰਾਂ ਦੀ ਜਾਂਚ ਕਰ ਰਹੀਆਂ ਈਡੀ ਦੀਆਂ ਟੀਮਾਂ ਨੇ ਮੁਹਾਲੀ ਅਤੇ ਪਟਿਆਲਾ ਦੇ ਦੋ ਟਿਕਾਣਿਆਂ ’ਤੇ ਇੱਕੋ ਵੇਲੇ ਸ਼ਿਕੰਜਾ ਕੱਸਿਆ। ਸੀਨੀਅਰ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਪਟਿਆਲਾ ਦੇ ਅਰਬਨ ਅਸਟੇਟ ਫੇਜ਼ 2 ਵਿੱਚ ਸਥਿਤ ਦੋ ਸ਼ੋਅਰੂਮਾਂ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਈਡੀ ਟੀਮਾਂ ਮੌਕੇ ’ਤੇ ਮੌਜੂਦ ਹਨ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ “ਇਹ ਦੋਵੇਂ ਕਾਲ ਸੈਂਟਰ ਪਿਛਲੇ ਕੁਝ ਸਮੇਂ ਤੋਂ ਚੱਲ ਰਹੇ ਸਨ ਅਤੇ ਇਸ ਵਿੱਚ ਕੁਝ ਨਾਮੀ ਲੋਕਾਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ।”
ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਵੀ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਰੋਪੜ ਜ਼ਿਲ੍ਹੇ ਦੇ ਇੱਕ ਕਾਰੋਬਾਰੀ ਦੇ ਘਰ ਛਾਪਾ ਮਾਰਿਆ ਸੀ। ਇਹ ਕਾਰਵਾਈ ਵਿਦੇਸ਼ੀ ਨਾਗਰਿਕਾਂ ਨਾਲ ਕਥਿਤ ਤੌਰ ‘ਤੇ 100 ਕਰੋੜ ਰੁਪਏ ਦੀ ਸਾਈਬਰ ਠੱਗੀ ਮਾਰਨ ਵਾਲੇ ਇੱਕ ਕਾਲ ਸੈਂਟਰ ਨਾਲ ਜੁੜੇ ਮਾਮਲੇ ਦੇ ਸਬੰਧ ਵਿੱਚ ਕੀਤੀ ਗਈ ਸੀ।







