ਫੈਕਟ ਸਮਾਚਾਰ ਸੇਵਾ
ਚੰਡੀਗੜ੍ਹ , ਸਤੰਬਰ 4
ਪੰਜਾਬ ਦੀ ਸਿਆਸਤ ‘ਚ ਜ਼ੁਬਾਨੀ ਜੰਗ ਹੁਣ ਕਾਨੂੰਨੀ ਲੜਾਈ ‘ਚ ਬਦਲ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਮਾਨ ਨੇ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਲੀਗਲ ਨੋਟਿਸ ਭੇਜਿਆ ਹੈ।
ਦੋਵਾਂ ਆਗੂਆਂ ਵੱਲੋਂ ਹਾਲ ਹੀ ‘ਚ ਡਾ. ਗੁਰਪ੍ਰੀਤ ਕੌਰ ਖ਼ਿਲਾਫ਼ ਕੀਤੀਆਂ ਗਈਆਂ ਕਥਿਤ ਇਤਰਾਜ਼ਯੋਗ ਟਿੱਪਣੀਆਂ ਨੂੰ ਲੈ ਕੇ ਇਹ ਨੋਟਿਸ ਭੇਜਿਆ ਗਿਆ ਹੈ। ਨੋਟਿਸ ‘ਚ ਵੀ ਕਿਹਾ ਗਿਆ ਹੈ ਕਿ ਦੋਵੇਂ ਆਗੂ 24 ਘੰਟਿਆਂ ਦੇ ਅੰਦਰ ਜਨਤਕ ਤੌਰ ‘ਤੇ ਬਿਨਾਂ ਸ਼ਰਤ ਮਾਫ਼ੀ ਮੰਗਣ, ਨਹੀਂ ਤਾਂ ਉਨ੍ਹਾਂ ਖ਼ਿਲਾਫ਼ ਮਾਣਹਾਨੀ ਦਾ ਫ਼ੌਜਦਾਰੀ (ਕ੍ਰਿਮੀਨਲ) ਤੇ ਦੀਵਾਨੀ (ਸਿਵਲ) ਮੁਕੱਦਮਾ ਦਰਜ ਕਰਵਾਇਆ ਜਾਵੇਗਾ।
ਗੌਰਤਲਬ ਹੈ ਕਿ ਸੁਖਪਾਲ ਖਹਿਰਾ ਅਤੇ ਬਿਕਰਮ ਮਜੀਠੀਆ ਦੋਵੇਂ ਹੀ ਅਕਸਰ ਮੁੱਖ ਮੰਤਰੀ ਭਗਵੰਤ ਮਾਨ ਤੇ ਉਨ੍ਹਾਂ ਦੀ ਸਰਕਾਰ ‘ਤੇ ਤਿੱਖੇ ਹਮਲੇ ਕਰਦੇ ਰਹੇ ਹਨ, ਪਰ ਇਸ ਵਾਰ ਮਾਮਲਾ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ‘ਤੇ ਹੀ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਹੈ ਅਤੇ ਨਿੱਜੀ ਟਿੱਪਣੀ ਨਾਲ ਜੁੜਿਆ ਹੋਣ ਕਾਰਨ ਮਾਮਲਾ ਗੰਭੀਰ ਹੋ ਗਿਆ ਹੈ।







