ਪੰਜਾਬ ਵਿੱਚ ਭਾਜਪਾ ਦਾ ਕੋਈ ਜਨ ਆਧਾਰ ਨਹੀਂ, ਈਡੀ ਦੀ ਵਰਤੋਂ ਸਿਆਸੀ ਹਥਿਆਰ ਵਜੋਂ ਕੀਤੀ ਜਾ ਰਹੀ ਹੈ: ਕੁਲਦੀਪ ਧਾਲੀਵਾਲ

ਫੈਕਟ ਸਮਾਚਾਰ ਸੇਵਾ

ਚੰਡੀਗੜ੍ਹ , ਸਤੰਬਰ 2

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਬੁਲਾਰੇ ਅਤੇ ਵਿਧਾਇਕ ਕੁਲਦੀਪ ਧਾਲੀਵਾਲ ਨੇ ਕੇਂਦਰ ਦੀ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਅਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ‘ਤੇ ਕਰਾਰਾ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਭਾਜਪਾ ਦਾ ਆਪਣਾ ਕੋਈ ਜਨਾਧਾਰ ਨਹੀਂ ਬਚਿਆ, ਇਸ ਲਈ ਉਹ ਈਡੀ ਦਾ ਸਹਾਰਾ ਲੈ ਰਹੀ ਹੈ। ਈਡੀ ਹੁਣ ਨਿਰਪੱਖ ਏਜੰਸੀ ਨਾ ਰਹਿ ਕੇ ਪੂਰੀ ਤਰ੍ਹਾਂ ਨਾਲ ਭਾਜਪਾ ਦੀ ਸਹਿਯੋਗੀ ਪਾਰਟੀ ਬਣ ਚੁੱਕੀ ਹੈ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਦਨਾਮ ਕਰਨ ਅਤੇ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਤੇ ਹੋਰ ਸੀਨੀਅਰ ਆਗੂਆਂ ਨੂੰ ਝੂਠੇ ਮਾਮਲਿਆਂ ਵਿੱਚ ਫਸਾਉਣ ਲਈ ਕੇਂਦਰ ਸਰਕਾਰ ਲਗਾਤਾਰ ਗੰਦੀਆਂ ਰਾਜਨੀਤਿਕ ਸਾਜ਼ਿਸ਼ਾਂ ਰਚ ਰਹੀ ਹੈ। ਪੰਜਾਬ ਸਰਕਾਰ ਦਾ ਅਕਸ ਖਰਾਬ ਕਰਨ ਦੇ ਉਦੇਸ਼ ਨਾਲ ਵਾਰ-ਵਾਰ ਪੱਤਰ ਭੇਜਣ ਦਾ ਨਾਟਕ ਕੀਤਾ ਜਾ ਰਹਾ ਹੈ।

ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੁਲਦੀਪ ਧਾਲੀਵਾਲ ਨੇ ਹਾਲੀਆ ਘਟਨਾਕ੍ਰਮ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਲੰਘੀ 28 ਤਾਰੀਖ਼ ਨੂੰ ਪੰਜਾਬ ਦੇ ਪੁਲਿਸ ਮਹਾਨਿਦੇਸ਼ਕ (ਡੀਜੀਪੀ) ਨੇ ਈਡੀ ਨੂੰ ਸਪੱਸ਼ਟ ਰੂਪ ਵਿੱਚ ਪੱਤਰ ਲਿਖ ਕੇ ਸੂਚਿਤ ਕੀਤਾ ਸੀ ਕਿ ਉਨ੍ਹਾਂ ਵੱਲੋਂ ਭੇਜੇ ਗਏ ਦਸਤਾਵੇਜ਼ ਪੜ੍ਹਨਯੋਗ ਨਹੀਂ ਹਨ। ਪੁਲਿਸ ਪ੍ਰਸ਼ਾਸਨ ਨੇ ਈਡੀ ਤੋਂ ਬੇਨਤੀ ਕੀਤੀ ਸੀ ਕਿ 1 ਤਾਰੀਖ਼ ਨੂੰ ਉਹ ਆਪਣਾ ਕੋਈ ਜ਼ਿੰਮੇਵਾਰ ਅਧਿਕਾਰੀ ਪੁਲਿਸ ਮੁੱਖ ਦਫ਼ਤਰ (ਹੈੱਡਕੁਆਰਟਰ) ਭੇਜੇ ਜੋ ਇਹਨਾਂ ਦਸਤਾਵੇਜ਼ਾਂ ਦੀ ਸਹੀ ਜਾਣਕਾਰੀ ਦੇ ਸਕੇ। ਪਰ ਮਿਥੀ ਤਾਰੀਖ਼ ‘ਤੇ ਈਡੀ ਦਾ ਕੋਈ ਵੀ ਅਧਿਕਾਰੀ ਦਸਤਾਵੇਜ਼ ਲੈ ਕੇ ਪੁਲਿਸ ਕੋਲ ਨਹੀਂ ਪਹੁੰਚਿਆ। ਇਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਈਡੀ ਦਾ ਮਕਸਦ ਜਾਂਚ ਕਰਨਾ ਨਹੀਂ, ਬਲਕਿ ਕੇਵਲ ਅਤੇ ਕੇਵਲ ਮੀਡੀਆ ਵਿੱਚ ਪੰਜਾਬ ਸਰਕਾਰ ਅਤੇ ਸਾਡੇ ਆਗੂਆਂ ਨੂੰ ਬਦਨਾਮ ਕਰਨਾ ਹੈ।

‘ਆਪ’ ਆਗੂ ਨੇ ਕਿਹਾ ਕਿ ਈਡੀ ਅਤੇ ਭਾਜਪਾ ਦਾ ਇੱਕੋ-ਇੱਕ ਮੁੱਖ ਮਕਸਦ ਪਜਾਬ ਵਿੱਚ ਹੋ ਰਹੇ ਅਭੂਤਪੂਰਵ ਵਿਕਾਸ ਕਾਰਜਾਂ ਨੂੰ ਰੋਕਣਾ ਅਤੇ ਮੁੱਖ ਮੰਤਰੀ ਭਗਵੰਤ ਮਾਨ ਜੀ ਤੇ ਉਨ੍ਹਾਂ ਦੇ ਪਰਿਵਾਰ ਨੂੰ ਮਾਨਸਿਕ ਤੌਰ ‘ਤੇ ਪਰੇਸ਼ਾਨ ਕਰਕੇ ਬਦਨਾਮ ਕਰਨਾ ਹੈ। ਧਾਲੀਵਾਲ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਭਾਜਪਾ ਇਹ ਨਾ ਭੁੱਲੇ ਕਿ ਉਸਨੇ ਸਾਡੇ ਸੀਨੀਅਰ ਆਗੂਆਂ ਨੂੰ ਜੇਲ੍ਹਾਂ ਵਿੱਚ ਬੰਦ ਕਰਕੇ ਦੇਖ ਲਿਆ ਹੈ, ਪਰ ਆਮ ਆਦਮੀ ਪਾਰਟੀ ਚੱਟਾਨ ਵਾਂਗ ਇੱਕਜੁੱਟ ਹੋ ਕੇ ਖੜ੍ਹੀ ਰਹੀ। ਈਡੀ ਅਤੇ ਸੀਬੀਆਈ ਚਾਹੇ ਜਿੰਨੀਆਂ ਵੀ ਕੋਸ਼ਿਸ਼ਾਂ ਕਰ ਲੈਣ, 2027 ਦੀਆਂ ਚੋਣਾਂ ਵਿੱਚ ਪੰਜਾਬ ਦੀ ਜਨਤਾ ਫਿਰ ਤੋਂ ਆਮ ਆਦਮੀ ਪਾਰਟੀ ਦੀ ਹੀ ਸਰਕਾਰ ਬਣਾਏਗੀ। ਸਾਡੇ ਆਗੂਆਂ ਨੇ ਜੇਲ੍ਹ ਜਾਣਾ ਸਵੀਕਾਰ ਕੀਤਾ, ਪਰ ਭਾਜਪਾ ਦੀ ਤਾਨਾਸ਼ਾਹੀ ਅੱਗੇ ਝੁਕਣਾ ਪਸੰਦ ਨਹੀਂ ਕੀਤਾ।

ਭਾਜਪਾ ਨੂੰ ਪੰਜਾਬ ਦਾ “ਦੁਸ਼ਮਣ ਨੰਬਰ-1” ਕਰਾਰ ਦਿੰਦਿਆਂ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਇਸ ਪਾਰਟੀ ਨੇ ਕਿਸਾਨ ਅੰਦੋਲਨ ਦੌਰਾਨ ਪੰਜਾਬ ਦੇ 750 ਤੋਂ ਵੱਧ ਕਿਸਾਨਾਂ ਨੂੰ ਸ਼ਹੀਦ ਕੀਤਾ, ਪੰਜਾਬ ਦੇ ਵਿਕਾਸ ਫੰਡ ਰੋਕ ਦਿੱਤੇ ਅਤੇ ਰਾਜ ਦੇ ਵਿਕਾਸ ਵਿੱਚ ਹਰ ਕਦਮ ‘ਤੇ ਰੋੜੇ ਅਟਕਾਏ। ਉਨ੍ਹਾਂ ਸਪੱਸ਼ਟ ਕੀਤਾ ਕਿ ਈਡੀ ਦੀਆਂ ਵਿਸਾਖੀਆਂ ਦੇ ਸਹਾਰੇ ਭਾਜਪਾ ਆਮ ਆਦਮੀ ਪਾਰਟੀ ਦੇ ਯੋਧਿਆਂ ਨੂੰ ਡਰਾ ਨਹੀਂ ਸਕਦੀ। ਅਸੀਂ ਇਹਨਾਂ ਝੂਠੇ ਮੁਕੱਦਮਿਆਂ ਤੋਂ ਡਰਨ ਵਾਲੇ ਨਹੀਂ ਹਾਂ। ਜਿਸ ਤਰ੍ਹਾਂ ਦਿੱਲੀ ਵਿੱਚ ਸੱਚ ਦੀ ਜਿੱਤ ਹੋਈ ਅਤੇ ਫਰਜ਼ੀ ਮਾਮਲੇ ਬੇਨਕਾਬ ਹੋਏ, ਉਸੇ ਤਰ੍ਹਾਂ ਪੰਜਾਬ ਵਿੱਚ ਵੀ ਸੱਚ ਦੀ ਹੀ ਜਿੱਤ ਹੋਵੇਗੀ ਅਤੇ ਭਾਜਪਾ ਦਾ ਸਾਜਿਸ਼ਾਂ ਪੂਰੀ ਤਰ੍ਹਾਂ ਬੇਨਕਾਬ ਹੋਣਗੀਆਂ।

Leave a Reply

Your email address will not be published. Required fields are marked *

View in English