ਖੰਨਾ ਥਾਣੇ ਵਿੱਚ ਪਿਓ-ਪੁੱਤ ਸਮੇਤ 3 ਲੋਕਾਂ ਨੂੰ ਨੰਗਾ ਕਰਕੇ ਕੁੱਟਣ ਵਾਲੇ ਪੰਜਾਬ ਪੁਲਿਸ ਦੇ ਸਾਬਕਾ SHO ਨੂੰ 3 ਸਾਲ ਦੀ ਕੈਦ

ਲੁਧਿਆਣਾ, 28 ਅਗਸਤ: ਲੁਧਿਆਣਾ ਦੀ ਸੈਸ਼ਨ ਅਦਾਲਤ ਨੇ ਖੰਨਾ ਦੇ ਸਦਰ ਥਾਣੇ ਵਿੱਚ ਇੱਕ ਅੰਮ੍ਰਿਤਧਾਰੀ ਵਿਅਕਤੀ, ਉਸ ਦੇ ਪੁੱਤਰ ਅਤੇ ਸਾਥੀ ਨੂੰ ਨਿਰਵਸਤਰ ਕਰਕੇ ਕੁੱਟਣ ਅਤੇ ਵੀਡੀਓ ਵਾਇਰਲ ਕਰਨ ਦੇ 6 ਸਾਲ ਪੁਰਾਣੇ ਮਾਮਲੇ ਵਿੱਚ ਪੰਜਾਬ ਪੁਲਿਸ ਦੇ ਤਤਕਾਲੀ ਐੱਸ.ਐੱਚ.ਓ. (ਇੰਸਪੈਕਟਰ) ਬਲਜਿੰਦਰ ਸਿੰਘ ਨੂੰ 3 ਸਾਲ ਦੀ ਸਜ਼ਾ ਸੁਣਾਈ ਹੈ।

ਇਹ ਮਾਮਲਾ ਜੂਨ 2019 ਦਾ ਹੈ, ਜਦੋਂ ਥਾਣਾ ਸਦਰ ਖੰਨਾ ਵਿੱਚ ਪਿਓ-ਪੁੱਤ ਸਮੇਤ ਤਿੰਨਾਂ ਪੀੜਤਾਂ ਨੂੰ ਬੰਧਕ ਬਣਾ ਕੇ ਕੁੱਟਮਾਰ ਕੀਤੀ ਗਈ ਸੀ ਅਤੇ ਉਨ੍ਹਾਂ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ ਗਈ ਸੀ। ਇਸ ਮੁੱਦੇ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰਮੁੱਖਤਾ ਨਾਲ ਚੁੱਕਿਆ ਗਿਆ ਸੀ ਅਤੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਪਹਿਲਕਦਮੀ ਕੀਤੀ ਗਈ ਸੀ, ਜਿਸ ਤੋਂ ਬਾਅਦ ਤਤਕਾਲੀ ਐੱਸ.ਐੱਚ.ਓ. ਨੂੰ ਮੁਅੱਤਲ ਕਰ ਦਿੱਤਾ ਗਿਆ ਸੀ।

ਵੀਡੀਓ ਵਾਇਰਲ ਹੋਣ ਤੋਂ ਬਾਅਦ ਪੀੜਤ ਪਰਿਵਾਰ ਨੇ ਉੱਚ ਪੁਲਿਸ ਅਧਿਕਾਰੀਆਂ ਅਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਲਗਾਤਾਰ ਮੰਗ ਤੋਂ ਬਾਅਦ ਏ.ਡੀ.ਜੀ.ਪੀ. ਡਾ. ਨਰੇਸ਼ ਅਰੋੜਾ ਦੀ ਅਗਵਾਈ ਹੇਠ ਐੱਸ.ਆਈ.ਟੀ. (SIT) ਦਾ ਗਠਨ ਕੀਤਾ ਗਿਆ। ਜਾਂਚ ਤੋਂ ਬਾਅਦ ਸਾਲ 2020 ਵਿੱਚ ਖੰਨਾ ਦੇ ਸਿਟੀ ਥਾਣਾ-1 ਵਿਖੇ ਇੰਸਪੈਕਟਰ ਬਲਜਿੰਦਰ ਸਿੰਘ ਅਤੇ ਹਵਲਦਾਰ ਵਰੁਣ ਕੁਮਾਰ ਖ਼ਿਲਾਫ਼ ਮਾਰਪੀਟ, ਗੈਰ-ਕਾਨੂੰਨੀ ਹਿਰਾਸਤ, ਐੱਸ.ਸੀ./ਐੱਸ.ਟੀ. ਐਕਟ, ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਅਤੇ ਆਈ.ਟੀ. ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ।

ਸ਼ਿਕਾਇਤਕਰਤਾ ਪੱਖ ਦੇ ਵਕੀਲ ਗੁਰਵਿੰਦਰ ਸਿੰਘ ਬਰਾੜ ਨੇ ਅਦਾਲਤ ਵੱਲੋਂ ਸੁਣਾਈ ਗਈ 3 ਸਾਲ ਦੀ ਸਜ਼ਾ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਡੀ.ਜੀ.ਪੀ. ਤੋਂ ਬਲਜਿੰਦਰ ਸਿੰਘ ਨੂੰ ਨੌਕਰੀ ਤੋਂ ਬਰਖਾਸਤ ਕਰਨ ਦੀ ਮੰਗ ਕਰਨਗੇ ਅਤੇ ਆਈ.ਟੀ. ਐਕਟ ਤਹਿਤ ਸਜ਼ਾ ਵਧਾਉਣ ਲਈ ਹਾਈ ਕੋਰਟ ਵਿੱਚ ਅਪੀਲ ਵੀ ਦਾਇਰ ਕਰਨਗੇ। ਅਦਾਲਤ ਦੇ ਵਿਸਥਾਰਤ ਹੁਕਮਾਂ ਦੀ ਕਾਪੀ ਮਿਲਣ ਤੋਂ ਬਾਅਦ ਹੀ ਬਾਕੀ ਨਿਰਦੇਸ਼ਾਂ ਦੀ ਪੂਰੀ ਜਾਣਕਾਰੀ ਸਪੱਸ਼ਟ ਹੋ ਸਕੇਗੀ।

Leave a Reply

Your email address will not be published. Required fields are marked *

View in English