ਫੈਕਟ ਸਮਾਚਾਰ ਸੇਵਾ
ਕਾਨਪੁਰ , ਅਗਸਤ 27
ਗੰਗਾ ਦੇ ਕੰਢੇ ਕਾਨਪੁਰ ਵਿੱਚ ਇੱਕ ਸਿਖਲਾਈ ਵਾਲਾ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ ਅੱਜ ਇੱਕ ਸਿਖਿਆਰਥੀ ਪਾਇਲਟ ਅਤੇ ਇੱਕ ਇੰਸਟ੍ਰਕਟਰ ਦੀ ਮੌਤ ਹੋ ਗਈ ਹੈ। ਪੁਲੀਸ ਕਮਿਸ਼ਨਰ ਰਘੁਬੀਰ ਲਾਲ ਨੇ ਦੱਸਿਆ ਗਰਗ ਏਵੀਏਸ਼ਨ ਦੁਆਰਾ ਸੰਚਾਲਿਤ ਟੇਕਨਾਮ ਜਹਾਜ਼ ਨੇ ਸਵੇਰੇ ਲਗਪਗ 11:30 ਵਜੇ ਉਡਾਣ ਭਰੀ ਅਤੇ ਲਗਪਗ 20 ਮਿੰਟ ਬਾਅਦ ਹਾਦਸਾਗ੍ਰਸਤ ਹੋ ਗਿਆ, ਜਿਸ ਨਾਲ ਗੁਜਰਾਤ ਦੇ ਇੰਸਟ੍ਰਕਟਰ ਸਚਿਨ ਭਾਟੀਆ ਅਤੇ ਕਰਨਾਟਕ ਦੇ ਸਿਖਿਆਰਥੀ ਪਾਇਲਟ ਅਭਿਸ਼ੇਕ ਪੁਜਾਰੀ ਦੀ ਮੌਤ ਹੋ ਗਈ।
ਇਹ ਇਟਲੀ ਵਿੱਚ ਬਣਿਆ ਜਹਾਜ਼ ਕਾਤਰੀ ਖੇਤਰ ਵਿੱਚ ਨਾਥਾਪੁਰਵਾ ਪਿੰਡ ਨੇੜੇ ਹਾਦਸਾਗ੍ਰਸਤ ਹੋ ਗਿਆ। ਲਾਲ ਨੇ ਦੱਸਿਆ ਕਿ ਭਾਟੀਆ ਕੋਲ ਲਗਭਗ 3,000 ਘੰਟੇ ਦਾ ਉਡਾਣ ਦਾ ਤਜਰਬਾ ਸੀ। ਡੀ.ਜੀ.ਸੀ.ਏ. ਨੂੰ ਦਿੱਤੀ ਗਈ ਸੂਚਨਾ ਜਹਾਜ਼ ਹਾਦਸੇ ਦੀ ਜਾਣਕਾਰੀ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਅਵੀਏਸ਼ਨ (ਡੀ.ਜੀ.ਸੀ.ਏ.) ਨੂੰ ਦੇ ਦਿੱਤੀ ਗਈ ਹੈ। ਪੁਲੀਸ ਅਨੁਸਾਰ ਡੀ.ਜੀ.ਸੀ.ਏ. ਦੀ ਟੀਮ ਘਟਨਾ ਸਥਾਨ ’ਤੇ ਪਹੁੰਚ ਕੇ ਹਾਦਸੇ ਦੀ ਵਿਸਤ੍ਰਿਤ ਜਾਂਚ ਕਰੇਗੀ।
ਹਾਦਸੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਤਕਨੀਕੀ ਖਰਾਬੀ, ਮੌਸਮ ਜਾਂ ਕਿਸੇ ਹੋਰ ਵਜ੍ਹਾ ਨਾਲ ਜਹਾਜ਼ ਹਾਦਸੇ ਦਾ ਸ਼ਿਕਾਰ ਹੋਇਆ, ਇਸਦਾ ਪਤਾ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਚੱਲ ਸਕੇਗਾ।
ਪੁਲੀਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਘਟਨਾ ਸਥਾਨ ਦਾ ਮੁਆਇਨਾ ਕੀਤਾ ਹੈ। ਹਾਦਸਾਗ੍ਰਸਤ ਜਹਾਜ਼ ਅਤੇ ਉਸ ਨਾਲ ਜੁੜੇ ਤਕਨੀਕੀ ਪਹਿਲੂਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।







