ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ , ਅਗਸਤ 21
ਦਿੱਲੀ ‘ਚ ਕਾਕਰੋਚ ਜਨਤਾ ਪਾਰਟੀ (CJP) ਦੇ ਪ੍ਰਦਰਸ਼ਨ ਦੌਰਾਨ ਪੈਲੇਟ ਗਨ ਦੀ ਵਰਤੋਂ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਕਾਂਗਰਸ ਨੇਤਾ ਰਾਹੁਲ ਗਾਂਧੀ ਅੱਜ ਡੀਸੀਪੀ ਨੂੰ ਮਿਲੇ। ਉਨ੍ਹਾਂ ਪਾਰਲੀਮੈਂਟ ਸਟ੍ਰੀਟ ਥਾਣੇ ਦੇ ਡੀਸੀਪੀ ਦਫ਼ਤਰ ਪਹੁੰਚ ਕੇ ਇਸ ਮਾਮਲੇ ‘ਚ FIR ਦਰਜ ਕਰਨ ਦੀ ਮੰਗ ਕੀਤੀ। FIR ਦਰਜ ਨਾ ਹੋਣ ‘ਤੇ ਰਾਹੁਲ ਗਾਂਧੀ ਨੇ ਡੀਸੀਪੀ ਦਫ਼ਤਰ ਦੇ ਬਾਹਰ ਹੀ ਧਰਨਾ ਸ਼ੁਰੂ ਕਰ ਦਿੱਤਾ। ਉੱਥੇ ਹੀ ਪੁਲਿਸ ਨੇ ਸਾਵਧਾਨੀ ਵਜੋਂ ਬੈਰੀਕੇਡਿੰਗ ਕਰ ਕੇ ਕਨਾਟ ਪਲੇਸ ਤੋਂ ਸੰਸਦ ਮਾਰਗ ਥਾਣੇ ਵੱਲ ਜਾਣ ਵਾਲੇ ਵਾਹਨਾਂ ਦੀ ਐਂਟਰੀ ‘ਤੇ ਰੋਕ ਲਗਾ ਦਿੱਤੀ ਹੈ।
ਇਸ ਦੌਰਾਨ ਰਾਹੁਲ ਗਾਂਧੀ ਨੇ ਜ਼ਖ਼ਮੀ ਵਿਦਿਆਰਥੀ ਦਾ ਹਵਾਲਾ ਦਿੰਦਿਆਂ ਇਸ ਮਾਮਲੇ ‘ਚ ਡੀਸੀਪੀ ਤੋਂ ਕਾਰਵਾਈ ਦੀ ਮੰਗ ਕੀਤੀ। ਹਾਲਾਂਕਿ ਉਨ੍ਹਾਂ ਨੂੰ ਡੀਸੀਪੀ ਦਫ਼ਤਰ ਤੋਂ ਨਿਰਾਸ਼ ਹੋ ਕੇ ਪਰਤਣਾ ਪਿਆ। ਸੰਸਦ ਮਾਰਗ ਤੋਂ ਬਾਹਰ ਆਉਣ ਮਗਰੋਂ ਰਾਹੁਲ ਗਾਂਧੀ ਨੇ ਕਾਰਵਾਈ ਨਾ ਹੋਣ ‘ਤੇ ਧਰਨਾ ਸ਼ੁਰੂ ਕਰ ਦਿੱਤਾ। ਡੀਸੀਪੀ ਦਫ਼ਤਰ ਦੇ ਬਾਹਰ ਰਾਹੁਲ ਗਾਂਧੀ ਦਾ ਧਰਨਾ ਜਾਰੀ ਹੈ। ਧਰਨੇ ‘ਚ ਰਾਹੁਲ ਗਾਂਧੀ ਦੇ ਨਾਲ ਸਾਹਿਲ ਲੋਹਚਬ ਵੀ ਮੌਜੂਦ ਹਨ।
ਜਾਣਕਾਰੀ ਮੁਤਾਬਕ ਰਾਹੁਲ ਗਾਂਧੀ ਨੇ ਅੱਜ ਡੀਸੀਪੀ ਨਾਲ ਮੁਲਾਕਾਤ ਕਰ ਕੇ ਪੈਲੇਟ ਗਨ ਦੇ ਮੁੱਦੇ ‘ਤੇ FIR ਦਰਜ ਕਰਨ ਦੀ ਮੰਗ ਕੀਤੀ। ਪਰ ਉਨ੍ਹਾਂ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਨਹੀਂ ਕੀਤਾ ਗਿਆ।
20 ਜੁਲਾਈ ਨੂੰ ਹੋਏ ਪ੍ਰਦਰਸ਼ਨ ਦੌਰਾਨ ਤਿੰਨ ਨੌਜਵਾਨ ਜ਼ਖ਼ਮੀ ਹੋਏ ਸਨ। ਤਿੰਨੋਂ ਖੁਦ ਹੀ ਆਰਐੱਮਐੱਲ ਹਸਪਤਾਲ ‘ਚ ਦਾਖ਼ਲ ਹੋਏ ਸਨ ਤੇ ਅਗਲੇ ਦਿਨ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ ਸੀ। ਪੁਲਿਸ ਨੇ ਇਨ੍ਹਾਂ ਤੋਂ ਪ੍ਰੋਫਾਈਲ ਸਬੰਧੀ ਵਾਰ-ਵਾਰ ਪੁੱਛਗਿੱਛ ਕੀਤੀ, ਪਰ ਉਨ੍ਹਾਂ ਜਾਣਕਾਰੀ ਦੇਣ ‘ਚ ਪੁਲਿਸ ਨਾਲ ਸਹਿਯੋਗ ਨਹੀਂ ਕੀਤਾ। ਪੁਲਿਸ ਇਹ ਪਤਾ ਲਗਾਉਣਾ ਚਾਹੁੰਦੀ ਸੀ ਕਿ ਇਹ ਨੌਜਵਾਨ ਵਿਦਿਆਰਥੀ ਹਨ ਜਾਂ ਨਹੀਂ।







