ਵਾਰਾਣਸੀ, 16 ਅਗਸਤ, 2026
ਉੱਤਰ ਪ੍ਰਦੇਸ਼ ਦੇ ਵਾਰਾਣਸੀ ਸਥਿਤ ਲਾਲ ਬਹਾਦੁਰ ਸ਼ਾਸਤਰੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਐਤਵਾਰ ਸਵੇਰੇ ਲਗਭਗ 9:30 ਵਜੇ ਸਾਮਾਨ ਦੀ ਜਾਂਚ ਦੌਰਾਨ ਲਾਇਸੈਂਸੀ ਪਿਸਤੌਲ ਤੋਂ ਗੋਲੀ ਚੱਲਣ ਨਾਲ ਹਫੜਾ-ਦਫੜੀ ਮਚ ਗਈ। ਇਸ ਹਾਦਸੇ ਵਿੱਚ ਇੱਕ ਮਹਿਲਾ ਸੁਰੱਖਿਆ ਕਰਮੀ ਸਮੇਤ ਦੋ ਕਰਮਚਾਰੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਨਜ਼ਦੀਕੀ ਨਿੱਜੀ ਟਰਾਮਾ ਸੈਂਟਰ ਵਿੱਚ ਭਰਤੀ ਕਰਵਾਇਆ ਗਿਆ ਹੈ।
ਸਾਬਕਾ ਸੈਨਿਕ ਆਪਣੀ ਪਤਨੀ ਨਾਲ ਏਅਰ ਇੰਡੀਆ ਦੀ ਉਡਾਣ ਰਾਹੀਂ ਮੁੰਬਈ ਜਾ ਰਿਹਾ ਸੀ। ਉਸ ਨੇ ਆਪਣੇ ਲਾਇਸੈਂਸੀ ਹਥਿਆਰ ਨੂੰ ਲੈ ਕੇ ਜਾਣ ਲਈ ਨਿਯਮਾਂ ਮੁਤਾਬਕ ਪਹਿਲਾਂ ਹੀ ਔਨਲਾਈਨ ਬੁਕਿੰਗ ਕੀਤੀ ਸੀ। ਜਾਂਚ ਦੌਰਾਨ ਪਤਾ ਲੱਗਿਆ ਕਿ ਪਿਸਤੌਲ ਲੋਡ ਸੀ, ਜਿਸ ਦੀ ਸਕ੍ਰੀਨਿੰਗ ਕਰਦੇ ਸਮੇਂ ਅਚਾਨਕ ਗੋਲੀ ਚੱਲ ਗਈ। ਗੋਲੀ ਫਰਸ਼ ਨਾਲ ਟਕਰਾ ਕੇ ਬਿਹਾਰ ਦੀ ਰਹਿਣ ਵਾਲੀ 27 ਸਾਲਾ ਮਹਿਲਾ ਸਕ੍ਰੀਨਰ ਸੁਮਨ ਦੇ ਪੱਟ ‘ਚ ਜਾ ਲੱਗੀ ਅਤੇ ਨੇੜੇ ਖੜ੍ਹਾ ਇੱਕ ਹੋਰ ਕਰਮਚਾਰੀ ਵੀ ਜ਼ਖਮੀ ਹੋ ਗਿਆ।







