ਦੁਬਈ ਤੋਂ ਮੁੰਬਈ ਜਾ ਰਹੀ IndiGo ਦੀ ਉਡਾਣ ਦੀ ਰਾਜਕੋਟ ਵਿਖੇ ਐਮਰਜੈਂਸੀ ਲੈਂਡਿੰਗ

ਫੈਕਟ ਸਮਾਚਾਰ ਸੇਵਾ

ਰਾਜਕੋਟ, ਜੁਲਾਈ 27

ਦੁਬਈ ਤੋਂ ਮੁੰਬਈ ਜਾ ਰਹੀ ਇੰਡੀਗੋ ਦੀ ਇੱਕ ਉਡਾਣ ਨੂੰ ਅੱਜ ਗੁਜਰਾਤ ਦੇ ਰਾਜਕੋਟ ਕੌਮਾਂਤਰੀ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ। ਅਧਿਕਾਰੀਆਂ ਨੇ ਦੱਸਿਆ ਕਿ ਅਜਿਹਾ ਉਦੋਂ ਕਰਨਾ ਪਿਆ ਜਦੋਂ ਜਹਾਜ਼ ਦੇ ਕਾਰਗੋ ਹੋਲਡ ਹਿੱਸੇ ਵਿੱਚ ਧੂੰਆਂ ਨਿਕਲਦਾ ਦੇਖਿਆ ਗਿਆ। ਜਹਾਜ਼ ਵਿੱਚ 194 ਯਾਤਰੀ ਅਤੇ ਕਰੂ ਮੈਂਬਰ ਸਵਾਰ ਸਨ।

ਹਵਾਈ ਅੱਡੇ ਦੇ ਪ੍ਰਬੰਧਕਾਂ ਨੇ ਇੱਕ ਬਿਆਨ ਵਿੱਚ ਕਿਹਾ ਕਿ “ਦੁਬਈ ਤੋਂ ਮੁੰਬਈ ਜਾ ਰਹੀ ਉਡਾਣ ਆਈ ਜੀ ਓ 1452, ਜਿਸ ਵਿੱਚ 194 ਲੋਕ ਸਵਾਰ ਸਨ, ਨੂੰ ਰਾਜਕੋਟ ਵੱਲ ਮੋੜ ਦਿੱਤਾ ਗਿਆ ਕਿਉਂਕਿ ਜਹਾਜ਼ ਦੇ ਕਾਰਗੋ ਹੋਲਡ ਹਿੱਸੇ ਵਿੱਚ ਧੂੰਆਂ ਨਿਕਲਦਾ ਦੇਖਿਆ ਗਿਆ ਸੀ। ਬਿਆਨ ਵਿੱਚ ਕਿਹਾ ਗਿਆ ਹੈ ਕਿ ਸੁਨੇਹਾ ਮਿਲਣ ਤੋਂ ਬਾਅਦ ਦੁਪਹਿਰ 2:45 ਵਜੇ ਹਵਾਈ ਅੱਡੇ ‘ਤੇ ਐਮਰਜੈਂਸੀ ਐਲਾਨ ਦਿੱਤੀ ਗਈ ਅਤੇ ਜਹਾਜ਼ ਨੇ ਦੁਪਹਿਰ 3:27 ਵਜੇ ਸੁਰੱਖਿਅਤ ਲੈਂਡਿੰਗ ਕੀਤੀ।

ਪੁਲੀਸ ਨੇ ਦੱਸਿਆ ਕਿ ਸਾਰੇ ਯਾਤਰੀਆਂ ਨੂੰ ਬਿਨਾਂ ਕਿਸੇ ਨੁਕਸਾਨ ਦੇ ਸੁਰੱਖਿਅਤ ਬਾਹਰ ਕੱਢ ਲਿਆ ਗਿਆ, ਜਦੋਂ ਕਿ ਤਕਨੀਕੀ ਟੀਮਾਂ ਨੇ ਧੂੰਏਂ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਹਾਜ਼ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। ਏਅਰਪੋਰਟ ਪੁਲੀਸ ਸਟੇਸ਼ਨ ਦੇ ਇੰਸਪੈਕਟਰ ਕੇ ਪੀ ਤਰੇਟੀਆ ਨੇ ਦੱਸਿਆ ਕਿ ਪਾਇਲਟ ਨੇ ਏਅਰ ਟਰੈਫਿਕ ਕੰਟਰੋਲ ਨੂੰ ਸ਼ੱਕੀ ਧੂੰਏਂ ਬਾਰੇ ਸੂਚਿਤ ਕੀਤਾ ਅਤੇ ਗੁਜਰਾਤ ਦੇ ਰਾਜਕੋਟ ਵਿਖੇ ਐਮਰਜੈਂਸੀ ਲੈਂਡਿੰਗ ਕਰਨ ਦੀ ਇਜਾਜ਼ਤ ਮੰਗੀ।

ਤਰੇਟੀਆ ਨੇ ਪੀ ਟੀ ਆਈ ਨੂੰ ਦੱਸਿਆ ਕਿ “ਪਾਇਲਟ ਨੂੰ ਜਹਾਜ਼ ਦੇ ਅੰਦਰ ਧੂੰਏਂ ਦਾ ਸ਼ੱਕ ਹੋਇਆ ਅਤੇ ਸਾਵਧਾਨੀ ਵਜੋਂ ਉਸ ਨੇ ਰਾਜਕੋਟ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਕੀਤੀ। ਜਹਾਜ਼ ਸੁਰੱਖਿਅਤ ਉਤਰ ਗਿਆ।” ਉਨ੍ਹਾਂ ਕਿਹਾ ਕਿ ਸਾਰੇ ਯਾਤਰੀ ਸੁਰੱਖਿਅਤ ਢੰਗ ਨਾਲ ਜਹਾਜ਼ ਤੋਂ ਹੇਠਾਂ ਉਤਰ ਗਏ ਅਤੇ ਉਨ੍ਹਾਂ ਨੂੰ ਹਵਾਈ ਅੱਡੇ ਦੇ ਟਰਮੀਨਲ ਦੇ ਅੰਦਰ ਇੱਕ ਨਿਰਧਾਰਤ ਖੇਤਰ ਵਿੱਚ ਭੇਜ ਦਿੱਤਾ ਗਿਆ।

Leave a Reply

Your email address will not be published. Required fields are marked *

View in English