ਫੈਕਟ ਸਮਾਚਾਰ ਸੇਵਾ
ਚੰਡੀਗੜ੍ਹ, ਜੁਲਾਈ 6
ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ’ਤੇ ਬਣੀ ਅਤੇ ਲੰਮੇ ਸਮੇਂ ਤੋਂ ਚਰਚਾ ਵਿੱਚ ਰਹੀ ਫ਼ਿਲਮ ‘ਪੰਜਾਬ ’95’ ਨੂੰ ਹਾਲ ਹੀ ਵਿੱਚ ‘ਸਤਲੁਜ’ ਨਵੇਂ ਨਾਂ ਹੇਠ ZEE5 OTT ਪਲੇਟਫਾਰਮ ’ਤੇ ਰਿਲੀਜ਼ ਕੀਤਾ ਗਿਆ ਸੀ। ਪਰ ਰਿਲੀਜ਼ ਦੇ ਮਹਿਜ਼ ਦੋ ਦਿਨਾਂ ਬਾਅਦ ਹੀ ਇਸ ਫ਼ਿਲਮ ਨੂੰ ਪਲੇਟਫਾਰਮ ਤੋਂ ਹਟਾ ਦਿੱਤਾ ਗਿਆ ਹੈ।
ਇਸ ਅਚਾਨਕ ਹੋਈ ਕਾਰਵਾਈ ’ਤੇ ਮੁੱਖ ਅਦਾਕਾਰ ਦਿਲਜੀਤ ਦੋਸਾਂਝ ਨੇ ਵੱਡਾ ਬਿਆਨ ਦਿੱਤਾ ਹੈ। ਫ਼ਿਲਮ ਹਟਾਏ ਜਾਣ ਤੋਂ ਬਾਅਦ ਆਪਣੇ ਦਰਸ਼ਕਾਂ ਅਤੇ ਪ੍ਰਸ਼ੰਸਕਾਂ ਨੂੰ ਹੌਸਲਾ ਦਿੰਦਿਆਂ ਦਿਲਜੀਤ ਦੋਸਾਂਝ ਨੇ ਆਖਿਆ ਕਿ ‘ਹੁਣ ਕੋਈ ਫ਼ਿਕਰ ਨਹੀਂ, ਸਭ ਨੇ ਡਾਊਨਲੋਡ ਕਰ ਲਈ ਹੈ। ਇੱਕ ਵਾਰ ਜਦੋਂ ਕੋਈ ਫ਼ਿਲਮ ਆ ਜਾਵੇ, ਉਹ ਖ਼ਤਮ ਨਹੀਂ ਹੋ ਸਕਦੀ।’ ਦਿਲਜੀਤ ਦੇ ਇਸ ਬਿਆਨ ਤੋਂ ਸਾਫ਼ ਹੈ ਕਿ ਫ਼ਿਲਮ ਭਾਵੇਂ ਅਧਿਕਾਰਤ ਤੌਰ ’ਤੇ ਹਟਾ ਦਿੱਤੀ ਗਈ ਹੋਵੇ, ਪਰ ਇਹ ਦਰਸ਼ਕਾਂ ਤੱਕ ਪਹੁੰਚ ਚੁੱਕੀ ਹੈ। ਉਨ੍ਹਾਂ ਨੇ ਇਹ ਬਿਆਨ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਲਾਈਵ ਹੋ ਕੇ ਇੱਕ ਪ੍ਰਸ਼ੰਸਕ ਵੱਲੋਂ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਕਿਹਾ।
ਉਨ੍ਹਾਂ ਕਿਹਾ ਕਿ “ਹੁਣ ਮੈਨੂੰ ਕੋਈ ਟੈਨਸ਼ਨ ਨਹੀਂ, ਪਹਿਲੇ ਦਿਨ ਮੈਂ ਫਿਕਰਮੰਦ ਜ਼ਰੂਰ ਸੀ, ਪਰ ਹੁਣ ਜਦੋਂ ਮਰਜ਼ੀ ਦੁਬਾਰਾ ਰਿਲੀਜ਼ ਕਰਨ ਕੋਈ ਚਿੰਤਾ ਨਹੀਂ, ਕਿਉਂਕਿ ਲੋਕਾਂ ਨੇ ਇਹ ਫਿਲਮ ਦੇਖ ਵੀ ਲਈ ਹੈ ਅਤੇ ਡਾਊਨਲੋਡ ਵੀ ਕਰ ਲਈ ਹੈ, ਹੁਣ ਇਹ ਖ਼ਤਮ ਨਹੀਂ ਹੋ ਸਕਦੀ।” ਓ.ਟੀ.ਟੀ. ਪਲੇਟਫਾਰਮ ZEE5 ਵੱਲੋਂ ਦਿਲਜੀਤ ਦੋਸਾਂਝ ਦੀ ਮੁੱਖ ਭੂਮਿਕਾ ਵਾਲੀ ਫ਼ਿਲਮ ‘ਸਤਲੁਜ’ ਨੂੰ ਹਟਾਏ ਜਾਣ ਤੋਂ ਇੱਕ ਦਿਨ ਬਾਅਦ ਹੁਣ ਕੇਂਦਰ ਸਰਕਾਰ ਨੇ ਦੱਸਿਆ ਕਿ ਇਹ ਫਿਲਮ ’ਤੇ ਕਿਓਂ ਪਾਬੰਦੀ ਲਾਈ ਗਈ ਹੈ। ਸਰਕਾਰ ਨੇ ਕਿਹਾ ਹੈ ਕਿ ਫ਼ਿਲਮ ਦੇ ਕੁਝ ਹਿੱਸਿਆਂ ਵਿੱਚ ਭਾਰਤ ਵਿਰੋਧੀ ਤਾਕਤਾਂ ਵੱਲੋਂ ਗ਼ਲਤ ਫ਼ਾਇਦਾ ਚੁੱਕੇ ਜਾਣ ਦੀ ਗੁੰਜਾਇਸ਼ ਸੀ। ਸਰਕਾਰੀ ਅਧਿਕਾਰੀਆਂ ਮੁਤਾਬਕ ਇਹ ਚਿੰਤਾਵਾਂ ਸਨ ਕਿ ਫ਼ਿਲਮ ਦੇ ਕੁਝ ਹਿੱਸਿਆਂ ਦੀ ਵਰਤੋਂ ਪੰਜਾਬ ਵਿੱਚ ਆਉਣ ਵਾਲੀਆਂ ਚੋਣਾਂ ਤੋਂ ਪਹਿਲਾਂ ਲੰਮੇ ਸਮੇਂ ਤੋਂ ਮੱਠੀ ਪੈ ਚੁੱਕੀ ਪ੍ਰੋ-ਖਾਲਿਸਤਾਨ ਲਹਿਰ ਨੂੰ ਮੁੜ ਹਵਾ ਦੇਣ ਅਤੇ ਸਮਰਥਨ ਹਾਸਲ ਕਰਨ ਲਈ ਕੀਤੀ ਜਾ ਸਕਦੀ ਸੀ।
ਇਹ ਫ਼ਿਲਮ ਪਿਛਲੇ ਤਿੰਨ ਸਾਲਾਂ ਤੋਂ ਵੀ ਵੱਧ ਸਮੇਂ ਤੋਂ ਸੈਂਸਰ ਬੋਰਡ (CBFC) ਦੀ ਮਨਜ਼ੂਰੀ ਨਾ ਮਿਲਣ ਕਾਰਨ ਅਟਕੀ ਹੋਈ ਸੀ। ਹਨੀ ਤਰੇਹਨ ਦੇ ਨਿਰਦੇਸ਼ਨ ਹੇਠ ਬਣੀ ਇਹ ਫ਼ਿਲਮ ਸ਼ੁੱਕਰਵਾਰ ਨੂੰ ਬਿਨਾਂ ਕਿਸੇ ਕੱਟ ਦੇ ਰਿਲੀਜ਼ ਕੀਤੀ ਗਈ ਸੀ, ਜਿਸ ਕਾਰਨ ਦਰਸ਼ਕਾਂ ਵਿੱਚ ਭਾਰੀ ਉਤਸ਼ਾਹ ਸੀ। ਪਰ ਐਤਵਾਰ ਸ਼ਾਮ ਨੂੰ ਪਲੇਟਫਾਰਮ ਨੇ ਅਚਾਨਕ ਇਸ ਨੂੰ ਭਾਰਤ ਵਿੱਚ ਬੈਨ/ਉਪਲਬਧ ਨਾ ਹੋਣ ਦੀ ਸੂਚਨਾ ਦਿੱਤੀ।
ਫ਼ਿਲਮ ਨੂੰ ਹਟਾਉਣ ਬਾਰੇ ZEE5 ਪਲੇਟਫਾਰਮ ਨੇ ਇੱਕ ਬਿਆਨ ਜਾਰੀ ਕਰਕੇ ਸਪਸ਼ਟ ਕੀਤਾ, “ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ, ‘ਸਤਲੁਜ’ ਫ਼ਿਲਮ ਅਗਲੀ ਸੂਚਨਾ ਤੱਕ ਭਾਰਤ ਵਿੱਚ ਉਪਲਬਧ ਨਹੀਂ ਰਹੇਗੀ। ਅਸੀਂ ਸਹੀ ਪ੍ਰਕਿਰਿਆ ਰਾਹੀਂ ਹਰ ਢੁਕਵੇਂ ਰਸਤੇ ਦੀ ਭਾਲ ਕਰਨ ਲਈ ਵਚਨਬੱਧ ਹਾਂ ਤਾਂ ਜੋ ਇਸ ਫ਼ਿਲਮ ਨੂੰ ਜਲਦੀ ਤੋਂ ਜਲਦੀ ਦੁਬਾਰਾ ਆਪਣੇ ਦਰਸ਼ਕਾਂ ਤੱਕ ਵਾਪਸ ਲਿਆਂਦਾ ਜਾ ਸਕੇ।”
ਹਾਲਾਂਕਿ, ਓ.ਟੀ.ਟੀ. ਪਲੇਟਫਾਰਮ ਵੱਲੋਂ ਫ਼ਿਲਮ ਨੂੰ ਦੁਬਾਰਾ ਲਿਆਉਣ ਦੀ ਕਾਨੂੰਨੀ ਪ੍ਰਕਿਰਿਆ ਦੀ ਗੱਲ ਕਹੀ ਜਾ ਰਹੀ ਹੈ, ਪਰ ਦਿਲਜੀਤ ਦੋਸਾਂਝ ਦੇ ਬਿਆਨ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਡਿਜੀਟਲ ਦੌਰ ਵਿੱਚ ਸੱਚਾਈ ਨੂੰ ਦਬਾਉਣਾ ਹੁਣ ਮੁਸ਼ਕਿਲ ਹੈ।







