ਅਮਰੀਕੀ ਰਾਸ਼ਟਰਪਤੀ ਟਰੰਪ ਦਾ ਈਰਾਨ ‘ਤੇ ਵੱਡਾ ਅਤੇ ਵਿਵਾਦਤ ਬਿਆਨ: “ਇੱਕੋ ਹਮਲੇ ਵਿੱਚ ਸਭ ਕੁਝ ਤਬਾਹ ਕਰ ਸਕਦਾ ਹਾਂ, ਅੰਤਿਮ ਸੰਸਕਾਰ ‘ਚ ਰੋ ਰਹੇ ਲੋਕਾਂ ਦੇ ਹੰਝੂ ਨਕਲੀ”

ਵਾਸ਼ਿੰਗਟਨ/ਤੇਹਰਾਨ, 5 ਜੁਲਾਈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਦੇ ਮਰਹੂਮ ਸੁਪਰੀਮ ਲੀਡਰ ਅਲੀ ਖਮੇਨੀ ਦੇ ਚੱਲ ਰਹੇ ਅੰਤਿਮ ਸੰਸਕਾਰ ਸਮਾਗਮਾਂ ਦਰਮਿਆਨ ਇੱਕ ਬਹੁਤ ਹੀ ਤਿੱਖਾ ਅਤੇ ਵਿਵਾਦਪੂਰਨ ਬਿਆਨ ਜਾਰੀ ਕਰਕੇ ਅੰਤਰਰਾਸ਼ਟਰੀ ਰਾਜਨੀਤੀ ਵਿੱਚ ਹਲਚਲ ਮਚਾ ਦਿੱਤੀ ਹੈ। ਟਰੰਪ ਨੇ ਦਾਅਵਾ ਕੀਤਾ ਹੈ ਕਿ ਜੇਕਰ ਉਹ ਚਾਹੁੰਦੇ ਤਾਂ ਇੱਕੋ ਹਮਲੇ ਨਾਲ ਅੰਤਿਮ ਸੰਸਕਾਰ ਲਈ ਇਕੱਠੀ ਹੋਈ ਈਰਾਨ ਦੀ ਬਾਕੀ ਬਚੀ ਪੂਰੀ ਲੀਡਰਸ਼ਿਪ ਨੂੰ ਖ਼ਤਮ ਕਰ ਸਕਦੇ ਸਨ, ਪਰ ਉਹ ਅਜਿਹਾ ਨਹੀਂ ਕਰਨਗੇ ਕਿਉਂਕਿ ਅਮਰੀਕਾ ਈਰਾਨ ਨਾਲ ਗੱਲਬਾਤ ਕਰਨਾ ਚਾਹੁੰਦਾ ਹੈ। ਟਰੰਪ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਦੋਵਾਂ ਦੇਸ਼ਾਂ ਵਿਚਾਲੇ ਸ਼ਾਂਤੀ ਸਮਝੌਤਾ ਕਾਫ਼ੀ ਹੱਦ ਤੱਕ ਲਾਗੂ ਹੋ ਚੁੱਕਾ ਹੈ।

ਐਕਸੀਓਸ (Axios) ਦੀ ਰਿਪੋਰਟ ਮੁਤਾਬਕ ਟਰੰਪ ਨੇ ਅੰਤਿਮ ਸੰਸਕਾਰ ਦੀ ਪ੍ਰਕਿਰਿਆ ‘ਤੇ ਗੱਲ ਕਰਦਿਆਂ ਕਿਹਾ, “ਉੱਥੇ ਈਰਾਨ ਦੇ ਸਾਰੇ ਆਗੂ ਮੌਜੂਦ ਹੋਣਗੇ। ਜੇ ਮੈਂ ਚਾਹਾਂ ਤਾਂ ਹਮਲਾ ਕਰਕੇ ਉਨ੍ਹਾਂ ਸਾਰਿਆਂ ਨੂੰ ਮਿਟਾ ਸਕਦਾ ਹਾਂ। ਪਰ ਅਸੀਂ ਅਜਿਹਾ ਨਹੀਂ ਕਰਾਂਗੇ, ਕਿਉਂਕਿ ਜੇਕਰ ਉਹ ਸਾਰੇ ਹੀ ਚਲੇ ਗਏ ਤਾਂ ਅਸੀਂ ਈਰਾਨ ਵਿੱਚ ਕਿਸ ਨਾਲ ਗੱਲਬਾਤ ਕਰਾਂਗੇ?” ਇੰਨਾ ਹੀ ਨਹੀਂ, ਟਰੰਪ ਨੇ ਖਮੇਨੀ ਦੇ ਅੰਤਿਮ ਸੰਸਕਾਰ ‘ਤੇ ਰੋ ਰਹੇ ਲੱਖਾਂ ਲੋਕਾਂ ‘ਤੇ ਤਨਜ਼ ਕੱਸਦਿਆਂ ਕਿਹਾ ਕਿ ਮੈਨੂੰ ਲੱਗਦਾ ਸੀ ਲੋਕ ਖਮੇਨੀ ਨੂੰ ਨਫ਼ਰਤ ਕਰਦੇ ਹਨ, ਇਸ ਲਈ ਸ਼ਾਇਦ ਇਹ ਸਾਰੇ ‘ਨਕਲੀ ਹੰਝੂ’ (Fake Tears) ਹਨ। ਟਰੰਪ ਦੇ ਇਸ ਬਿਆਨ ‘ਤੇ ਅਰਮੀਨੀਆ ਸਥਿਤ ਈਰਾਨੀ ਦੂਤਾਵਾਸ ਨੇ ਸੋਸ਼ਲ ਮੀਡੀਆ ਸਾਈਟ ‘ਐਕਸ’ (X) ‘ਤੇ ਕਰਾਰਾ ਜਵਾਬ ਦਿੰਦਿਆਂ ਲਿਖਿਆ ਕਿ ਟਰੰਪ ਇਨ੍ਹਾਂ ਭਾਵਨਾਵਾਂ ਨੂੰ ਨਹੀਂ ਸਮਝ ਸਕਦੇ ਕਿਉਂਕਿ ਉਨ੍ਹਾਂ ਕੋਲ ਨਾ ਤਾਂ ਕੋਈ ਸੱਭਿਅਤਾ ਹੈ, ਨਾ ਇਤਿਹਾਸ ਹੈ ਅਤੇ ਨਾ ਹੀ ਸਤਿਕਾਰ।

ਈਰਾਨ ਵੱਲੋਂ ਅਮਰੀਕਾ ਅਤੇ ਇਜ਼ਰਾਈਲ ਨੂੰ ਸਖ਼ਤ ਚੇਤਾਵਨੀ

ਦੂਜੇ ਪਾਸੇ, 4 ਜੁਲਾਈ ਤੋਂ ਸ਼ੁਰੂ ਹੋਏ ਇਨ੍ਹਾਂ ਸਮਾਗਮਾਂ ਦੌਰਾਨ ਈਰਾਨ ਨੂੰ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਕਿਸੇ ਸੰਭਾਵੀ ਹਮਲੇ ਦਾ ਭਾਰੀ ਡਰ ਸਤਾ ਰਿਹਾ ਹੈ। ਈਰਾਨੀ ਸਰਕਾਰ ਨੇ ਇੱਕ ਅਧਿਕਾਰਤ ਬਿਆਨ ਜਾਰੀ ਕਰਕੇ ਦੁਸ਼ਮਣਾਂ, ਖ਼ਾਸ ਕਰਕੇ ਅਮਰੀਕਾ ਅਤੇ ਜ਼ਾਇਓਨਿਸਟ ਸ਼ਾਸਨ (ਇਜ਼ਰਾਈਲ) ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਅੰਤਿਮ ਸੰਸਕਾਰ ਦੌਰਾਨ ਕੋਈ ਵੀ ਹਮਲਾ ਹੋਇਆ ਤਾਂ ਇਸ ਦਾ ਬਹੁਤ ਹੀ ਭਿਆਨਕ ਅਤੇ ਸਖ਼ਤ ਜਵਾਬ ਦਿੱਤਾ ਜਾਵੇਗਾ।

ਯਾਦ ਰਹੇ ਕਿ ਅਲੀ ਖਮੇਨੀ ਈਰਾਨ ਸਮੇਤ ਦੁਨੀਆ ਭਰ ਦੇ ਸ਼ੀਆ ਭਾਈਚਾਰੇ ਦੇ ਵੱਡੇ ਨੇਤਾ ਸਨ, ਜੋ ਬੀਤੀ 28 ਫਰਵਰੀ ਨੂੰ ਇੱਕ ਅਮਰੀਕੀ ਅਤੇ ਇਜ਼ਰਾਈਲੀ ਹਮਲੇ ਵਿੱਚ ਮਾਰੇ ਗਏ ਸਨ। ਉਨ੍ਹਾਂ ਦੇ ਅੰਤਿਮ ਸੰਸਕਾਰ ਵਿੱਚ ਲੱਖਾਂ ਦੀ ਭੀੜ ਇਕੱਠੀ ਹੋਣ ਦੀ ਉਮੀਦ ਹੈ, ਜਿਸ ਨੂੰ ਸੰਭਾਲਣਾ ਪ੍ਰਸ਼ਾਸਨ ਲਈ ਵੱਡੀ ਚੁਣੌਤੀ ਹੈ। ਭੀੜ ਦੇ ਬੇਕਾਬੂ ਹੋਣ ਦੇ ਖ਼ਦਸ਼ੇ ਕਾਰਨ ਲਗਭਗ 3000 ਲੋਕਾਂ ਦੀ ਜਾਨ ਜਾਣ ਦਾ ਡਰ ਜਤਾਇਆ ਜਾ ਰਿਹਾ ਹੈ। ਇਹ ਅੰਤਿਮ ਸੰਸਕਾਰ ਪ੍ਰੋਗਰਾਮ ਚਾਰ ਦਿਨਾਂ ਤੱਕ ਚੱਲੇਗਾ ਅਤੇ ਆਖਰੀ ਦਿਨ ਯਾਨੀ 9 ਜੁਲਾਈ ਨੂੰ ਉਨ੍ਹਾਂ ਨੂੰ ਉਨ੍ਹਾਂ ਦੇ ਜੱਦੀ ਸ਼ਹਿਰ ਮਸ਼ਹਦ ਵਿਖੇ ਸਪੁਰਦ-ਏ-ਖ਼ਾਕ (ਦਫ਼ਨਾਇਆ) ਕੀਤਾ ਜਾਵੇਗਾ।

Leave a Reply

Your email address will not be published. Required fields are marked *

View in English