ਫੈਕਟ ਸਮਾਚਾਰ ਸੇਵਾ
ਚੰਡੀਗੜ੍ਹ , ਜੂਨ 27
ਪੰਜਾਬ ਪੁਲੀਸ ਵੱਲੋਂ ਸੂਬੇ ਵਿੱਚ ਵੀ.ਆਈ.ਪੀ. ਕਲਚਰ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਇੱਕ ਵੱਡੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਵਾਹਨਾਂ ’ਤੇ ਨਾਜਾਇਜ਼ ਹੂਟਰਾਂ, ਸਾਈਰਨਾਂ, ਫਲੈਸ਼ਰਾਂ ਅਤੇ ਕਾਲੀਆਂ ਫ਼ਿਲਮਾਂ (ਬਲੈਕ ਫ਼ਿਲਮਾਂ) ਦੀ ਵਰਤੋਂ ਵਿਰੁੱਧ ਵਿੱਢੀ ਗਈ 15 ਦਿਨਾਂ ਦੀ ਰਾਜ-ਪੱਧਰੀ ਵਿਸ਼ੇਸ਼ ਮੁਹਿੰਮ ਦੌਰਾਨ ਪੁਲੀਸ ਨੇ ਪੂਰੇ ਸੂਬੇ ਵਿੱਚ 1.80 ਲੱਖ ਦੇ ਕਰੀਬ ਵਾਹਨਾਂ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਹੈ। ਇਹ ਸਖ਼ਤ ਮੁਹਿੰਮ ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲੀਸ (ਡੀ.ਜੀ.ਪੀ.) ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ’ਤੇ ਚਲਾਈ ਗਈ ਸੀ। ਇਸ ਦਾ ਮੁੱਖ ਮਕਸਦ ਉਨ੍ਹਾਂ ਨਿੱਜੀ ਵਾਹਨਾਂ ’ਤੇ ਨੱਥ ਪਾਉਣਾ ਸੀ ਜੋ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ, ਆਪਣੀ ਪਛਾਣ ਛੁਪਾਉਣ ਅਤੇ ਸਮਾਜ ਵਿੱਚ ਨਾਜਾਇਜ਼ ਰੋਅਬ ਜਮਾਉਣ ਲਈ ਇਨ੍ਹਾਂ ਉਪਕਰਨਾਂ ਜਾਂ ਕਾਲੇ ਸ਼ੀਸ਼ਿਆਂ ਦੀ ਵਰਤੋਂ ਕਰਦੇ ਹਨ।
ਇਸ ਵਿਸ਼ੇਸ਼ ਮੁਹਿੰਮ ਦੇ ਵੇਰਵੇ ਸਾਂਝੇ ਕਰਦਿਆਂ ਸਪੈਸ਼ਲ ਡਾਇਰੈਕਟਰ ਜਨਰਲ ਆਫ਼ ਪੁਲੀਸ (ਸਪੈਸ਼ਲ ਡੀ.ਜੀ.ਪੀ.) ਲਾਅ ਐਂਡ ਆਰਡਰ ਪ੍ਰਵੀਨ ਸਿਨਹਾ ਨੇ ਸਪੱਸ਼ਟ ਕੀਤਾ ਕਿ ਹੂਟਰ, ਸਾਈਰਨ ਅਤੇ ਫਲੈਸ਼ਰ ਸਿਰਫ਼ ਐਮਰਜੈਂਸੀ ਵਾਹਨਾਂ ਅਤੇ ਜ਼ਰੂਰੀ ਸੇਵਾਵਾਂ ਲਈ ਹੀ ਰਾਖਵੇਂ ਹਨ। ਜਦੋਂਕਿ ਦੂਜੇ ਪਾਸੇ ਗੱਡੀਆਂ ’ਤੇ ਕਾਲੀਆਂ ਫ਼ਿਲਮਾਂ ਲਗਾਉਣਾ ਸੁਰੱਖਿਆ ਅਤੇ ਟਰੈਫਿਕ ਨਿਯਮਾਂ ਦੀ ਸਿੱਧੀ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਨਿੱਜੀ ਵਿਅਕਤੀ ਨੂੰ ਇਨ੍ਹਾਂ ਕਾਨੂੰਨਾਂ ਦੀਆਂ ਧੱਜੀਆਂ ਉਡਾਉਣ ਅਤੇ ਇਨ੍ਹਾਂ ਉਪਕਰਨਾਂ ਦੀ ਦੁਰਵਰਤੋਂ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।
ਸਪੈਸ਼ਲ ਡੀ.ਜੀ.ਪੀ. ਨੇ ਦੱਸਿਆ ਕਿ 15 ਦਿਨਾਂ ਦੀ ਇਸ ਚੈਕਿੰਗ ਦੌਰਾਨ ਪੁਲੀਸ ਟੀਮਾਂ ਨੇ ਕੁੱਲ 1,79,980 ਵਾਹਨਾਂ ਦੀ ਜਾਂਚ ਕੀਤੀ। ਇਸ ਵੱਡੀ ਕਾਰਵਾਈ ਦੌਰਾਨ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਗੱਡੀਆਂ ਤੋਂ 202 ਹੂਟਰ, 49 ਸਾਈਰਨ ਅਤੇ 2,430 ਫਲੈਸ਼ਰ ਉਤਾਰੇ ਗਏ। ਇਸ ਤੋਂ ਇਲਾਵਾ ਕਾਲੇ ਸ਼ੀਸ਼ਿਆਂ ਵਾਲੀਆਂ ਗੱਡੀਆਂ ਖ਼ਿਲਾਫ਼ ਵੀ ਸਖ਼ਤ ਰੁਖ਼ ਅਖਤਿਆਰ ਕਰਦਿਆਂ 2,445 ਵਾਹਨਾਂ ਤੋਂ ਮੌਕੇ ’ਤੇ ਹੀ ਨਾਜਾਇਜ਼ ਕਾਲੀਆਂ ਫ਼ਿਲਮਾਂ ਲਾਹੀਆਂ ਗਈਆਂ।
ਪੁਲੀਸ ਪ੍ਰਸ਼ਾਸਨ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਸ ਪੂਰੀ ਮੁਹਿੰਮ ਦੌਰਾਨ ਨਿਯਮਾਂ ਨੂੰ ਛਿੱਕੇ ਟੰਗਣ ਵਾਲੇ 39,872 ਵਾਹਨ ਚਾਲਕਾਂ ਦੇ ਚਲਾਨ ਕੀਤੇ ਗਏ ਹਨ, ਜਦਕਿ ਗੰਭੀਰ ਉਲੰਘਣਾਵਾਂ ਦੇ ਮਾਮਲੇ ਵਿੱਚ 412 ਵਾਹਨਾਂ ਨੂੰ ਮੌਕੇ ‘ਤੇ ਹੀ ਜ਼ਬਤ ਕੀਤਾ ਗਿਆ ਹੈ। ਪੁਲੀਸ ਅਧਿਕਾਰੀਆਂ ਨੇ ਸਾਫ਼ ਚਿਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਟਰੈਫਿਕ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਅਜਿਹੀ ਸਖ਼ਤੀ ਲਗਾਤਾਰ ਜਾਰੀ ਰਹੇਗੀ।







