ਫੈਕਟ ਸਮਾਚਾਰ ਸੇਵਾ
ਰੁਦਰਪ੍ਰਯਾਗ, ਜੂਨ 23
ਉੱਤਰਾਖੰਡ ਦੇ ਰੁਦਰਪ੍ਰਯਾਗ ਜ਼ਿਲ੍ਹੇ ਦੇ ਨਗਰਾਸੂ ਗੁਰਦੁਆਰਾ ਸਾਹਿਬ ਵਿੱਚ ਪਿਛਲੇ 3 ਦਿਨਾਂ ਤੋਂ ਚੱਲ ਰਿਹਾ ਟਕਰਾਅ ਅੱਜ ਸ਼ਾਂਤੀਪੂਰਵਕ ਸਮਾਪਤ ਹੋ ਗਿਆ। ਜ਼ਿਲ੍ਹਾ ਮੈਜਿਸਟਰੇਟ ਵਿਸ਼ਾਲ ਮਿਸ਼ਰਾ ਨੇ ਦੱਸਿਆ ਕਿ ਪੰਜਾਬ ਤੋਂ ਪਹੁੰਚੇ ਸਿੱਖ ਪ੍ਰਤੀਨਿਧ ਮੰਡਲ ਅਤੇ ਪ੍ਰਸ਼ਾਸਨ ਨਾਲ ਹੋਈ ਗੱਲਬਾਤ ਤੋਂ ਬਾਅਦ ਨਿਹੰਗ ਸਿੰਘਾਂ ਨੇ ਕਬਜ਼ਾ ਛੱਡ ਦਿੱਤਾ ਤੇ ਗੁਰਦੁਆਰਾ ਖੇਤਰ ਖਾਲੀ ਕਰ ਦਿੱਤਾ।
ਇਹ ਵਿਵਾਦ 16 ਜੂਨ ਨੂੰ ਚਮੋਲੀ ਜ਼ਿਲ੍ਹੇ ਦੇ ਕਰਨਪ੍ਰਯਾਗ ਵਿੱਚ ਪਾਰਕਿੰਗ ਨੂੰ ਲੈ ਕੇ ਹੋਈ ਝੜਪ ਤੋਂ ਬਾਅਦ ਸ਼ੁਰੂ ਹੋਇਆ ਸੀ। ਇਸ ਘਟਨਾ ਵਿੱਚ ਕੁਝ ਸਥਾਨਕ ਲੋਕ ਜ਼ਖ਼ਮੀ ਹੋਏ ਸਨ ਅਤੇ ਪੁਲੀਸ ਨੇ ਚਾਰ ਨਿਹੰਗਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਕਾਰਵਾਈ ਦੇ ਵਿਰੋਧ ਵਿੱਚ ਮੁਹਾਲੀ ਤੋਂ ਆਏ ਕੁਝ ਨਿਹੰਗ ਨਗਰਾਸੂ ਗੁਰਦੁਆਰਾ ਸਾਹਿਬ ਵਿੱਚ ਡੇਰਾ ਲਗਾ ਕੇ ਬੈਠ ਗਏ ਸਨ ਅਤੇ ਆਪਣੇ ਸਾਥੀਆਂ ਦੀ ਰਿਹਾਈ ਦੀ ਮੰਗ ਕਰ ਰਹੇ ਸਨ।
ਸਥਿਤੀ ਨੂੰ ਦੇਖਦੇ ਹੋਏ ਵੱਡੀ ਗਿਣਤੀ ਵਿੱਚ ਪੁਲੀਸ ਅਤੇ ਆਈਟੀਬੀਪੀ ਦੇ ਜਵਾਨ ਤਾਇਨਾਤ ਕੀਤੇ ਗਏ ਸਨ, ਜਦਕਿ ਡਰੋਨਾਂ ਰਾਹੀਂ ਵੀ ਨਿਗਰਾਨੀ ਕੀਤੀ ਜਾ ਰਹੀ ਸੀ। ਜ਼ਿਲ੍ਹਾ ਪ੍ਰਸ਼ਾਸਨ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਗਾਤਾਰ ਗੱਲਬਾਤ ਕੀਤੀ ਜਾਂਦੀ ਰਹੀ। ਅਖ਼ੀਰਕਾਰ ਪੰਜਾਬ ਤੋਂ ਪਹੁੰਚੇ ਸਿੱਖ ਆਗੂਆਂ ਅਤੇ ਪ੍ਰਤੀਨਿਧ ਮੰਡਲ ਦੀ ਸਾਲਸੀ ਨਾਲ ਮਾਮਲਾ ਸੁਲਝ ਗਿਆ ਅਤੇ ਨਿਹੰਗਾਂ ਨੇ ਸ਼ਾਂਤੀਪੂਰਵਕ ਗੁਰਦੁਆਰਾ ਖਾਲੀ ਕਰ ਦਿੱਤਾ। ਪ੍ਰਸ਼ਾਸਨ ਨੇ ਲੋਕਾਂ ਨੂੰ ਅਫਵਾਹਾਂ ਤੋਂ ਦੂਰ ਰਹਿਣ ਅਤੇ ਅਮਨ-ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ।
ਉੱਤਰਾਖੰਡ ਪੁਲੀਸ ਨੇ ਦੱਸਿਆ ਕਿ ਗੁਰਦੁਆਰੇ ਦੀ ਛੱਤ ਉੱਤੇ ਮੌਜੂਦ ਨਿਹੰਗ ਸਿੰਘ ਹੇਠਾਂ ਉਤਰ ਆਏ ਹਨ ਅਤੇ ਗੱਲਬਾਤ ਵਿੱਚ ਸਹਿਮਤੀ ਬਣਨ ਤੋਂ ਬਾਅਦ ਆਪਣੇ-ਆਪਣੇ ਟਿਕਾਣਿਆਂ ਵੱਲ ਰਵਾਨਾ ਹੋ ਗਏ ਹਨ।







