ਗੁਰਦਾਸਪੁਰ : ਕਾਹਨੂੰਵਾਨ ਦੇ ਪਿੰਡਾਂ ’ਚ ਹੜ੍ਹ ਵਰਗੇ ਹਾਲਾਤ ਬਣੇ

ਫੈਕਟ ਸਮਾਚਾਰ ਸੇਵਾ

ਗੁਰਦਾਸਪੁਰ, ਜੂਨ 22


ਕਾਹਨੂੰਵਾਨ ਦੇ ਨਜ਼ਦੀਕੀ ਇਲਾਕੇ ਵਿੱਚ ਸਠਿਆਲੀ ਹੈੱਡ ਵਰਕਸ ਨੇੜੇ ਲੰਘਦੀ ‘ਅੱਪਰ ਬਾਰੀ ਦੁਆਬ’ ਨਹਿਰ ਵਿੱਚ ਦੇਰ ਰਾਤ ਅਚਾਨਕ ਕਰੀਬ 40 ਫੁੱਟ ਦਾ ਵੱਡਾ ਪਾੜ ਪੈਣ ਦੀ ਖ਼ਬਰ ਮਿਲੀ ਹੈ। ਨਹਿਰ ਦੇ ਟੁੱਟਣ ਕਾਰਨ ਆਲੇ-ਦੁਆਲੇ ਦੇ ਅੱਧੀ ਦਰਜਨ ਪਿੰਡਾਂ, ਰਿਹਾਇਸ਼ੀ ਇਲਾਕਿਆਂ, ਘਰਾਂ ਅਤੇ ਸੈਂਕੜੇ ਏਕੜ ਖੇਤਾਂ ਵਿੱਚ ਹੜ੍ਹ ਵਰਗੇ ਹਾਲਾਤ ਬਣ ਗਏ ਹਨ। ਇਸ ਅਚਾਨਕ ਆਈ ਕੁਦਰਤੀ ਆਫ਼ਤ ਕਾਰਨ ਸਥਾਨਕ ਲੋਕਾਂ ਅਤੇ ਕਿਸਾਨਾਂ ਦਾ ਭਾਰੀ ਮਾਲੀ ਨੁਕਸਾਨ ਹੋਇਆ ਹੈ।

ਮੌਕੇ ’ਤੇ ਮੌਜੂਦ ਪੀੜਤਾਂ ਅਤੇ ਚਸ਼ਮਦੀਦਾਂ ਨੇ ਦੱਸਿਆ ਕਿ ਇਹ ਹਾਦਸਾ ਦੇਰ ਰਾਤ ਵਾਪਰਿਆ। ਨਹਿਰੀ ਰੈਸਟ ਹਾਊਸ ਵਿੱਚ ਰਹਿ ਰਹੇ ਪ੍ਰਵਾਸੀ ਮਜ਼ਦੂਰਾਂ ਅਨੁਸਾਰ ਤੜਕਸਾਰ ਕਰੀਬ 3:00 ਵਜੇ ਅਚਾਨਕ ਉਨ੍ਹਾਂ ਦੇ ਕਮਰਿਆਂ ਵਿੱਚ ਤੇਜ਼ੀ ਨਾਲ ਪਾਣੀ ਦਾਖਲ ਹੋਣ ਲੱਗਾ, ਜਿਸ ਤੋਂ ਬਾਅਦ ਪੂਰੇ ਇਲਾਕੇ ਵਿੱਚ ਅਫ਼ਰਾ-ਤਫ਼ਰੀ ਮੱਚ ਗਈ। ਨਹਿਰ ਦਾ ਤੇਜ਼ ਪਾਣੀ ਸ੍ਰੀ ਹਰਗੋਬਿੰਦਪੁਰ-ਗੁਰਦਾਸਪੁਰ ਮੁੱਖ ਮਾਰਗ ਨੂੰ ਪਾਰ ਕਰਦਾ ਹੋਇਆ ਸਿੱਧਾ ਲੋਕਾਂ ਦੇ ਘਰਾਂ ਅਤੇ ਖੇਤਾਂ ਵਿੱਚ ਜਾ ਵੜਿਆ, ਜਿਸ ਕਾਰਨ ਲੋਕਾਂ ਨੂੰ ਸੰਭਲਣ ਦਾ ਮੌਕਾ ਵੀ ਨਹੀਂ ਮਿਲਿਆ।

ਇਸ ਅਚਾਨਕ ਆਈ ਮੁਸੀਬਤ ਕਾਰਨ ਸਥਾਨਕ ਵਸਨੀਕਾਂ ਨੇ ਦੱਸਿਆ ਕਿ ਘਰਾਂ ਵਿੱਚ ਕਈ-ਕਈ ਫੁੱਟ ਪਾਣੀ ਭਰਨ ਕਾਰਨ ਸਾਲ ਭਰ ਲਈ ਰੱਖੀ ਕਣਕ, ਘਰੇਲੂ ਸਾਮਾਨ ਅਤੇ ਹੋਰ ਕੀਮਤੀ ਵਸਤਾਂ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੀਆਂ ਹਨ। ਹਾਲੇ ਕੁਝ ਦਿਨ ਪਹਿਲਾਂ ਹੀ ਲੱਖਾਂ ਰੁਪਏ ਖ਼ਰਚ ਕੇ ਲਗਾਈ ਝੋਨੇ ਦੀ ਫ਼ਸਲ ਪੂਰੀ ਤਰ੍ਹਾਂ ਪਾਣੀ ਹੇਠ ਡੁੱਬ ਗਈ ਹੈ, ਜਿਸ ਦੇ ਬਚਣ ਦੀ ਹੁਣ ਕੋਈ ਉਮੀਦ ਨਹੀਂ ਹੈ। ਕਿਸਾਨਾਂ ਨੇ ਗੰਭੀਰ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਹੁਣ ਉਨ੍ਹਾਂ ਕੋਲ ਦੁਬਾਰਾ ਝੋਨਾ ਲਗਾਉਣ ਲਈ ਨਾ ਤਾਂ ਪਨੀਰੀ ਬਚੀ ਹੈ ਅਤੇ ਨਾ ਹੀ ਪ੍ਰਸ਼ਾਸਨ ਵੱਲੋਂ ਹਾਲੇ ਤੱਕ ਕੋਈ ਮਦਦ ਮਿਲੀ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਤੁਰੰਤ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਪੀੜਤਾਂ ਨੂੰ ਬਣਦਾ ਮੁਆਵਜ਼ਾ ਦੇਵੇ।

ਮੌਕੇ ’ਤੇ ਪਹੁੰਚੇ ਨਹਿਰੀ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਸਥਿਤੀ ਨੂੰ ਕਾਬੂ ਹੇਠ ਕਰਨ ਲਈ ਪਿੱਛੋਂ ਪਾਣੀ ਦੇ ਵਹਾਅ ਨੂੰ ਦੂਜੀ ਨਹਿਰ ਵੱਲ ਮੋੜਿਆ ਗਿਆ ਹੈ, ਤਾਂ ਜੋ ਪਾੜ ਵਾਲੀ ਜਗ੍ਹਾ ’ਤੇ ਪਾਣੀ ਦਾ ਦਬਾਅ ਘਟਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਪੋਕਲੇਨ ਅਤੇ ਜੇ.ਸੀ.ਬੀ. ਮਸ਼ੀਨਾਂ ਦੀ ਮਦਦ ਨਾਲ ਨਹਿਰ ਦੇ 40 ਫੁੱਟ ਚੌੜੇ ਪਾੜ ਨੂੰ ਪੂਰਨ ਦੇ ਯਤਨ ਜੰਗੀ ਪੱਧਰ ’ਤੇ ਜਾਰੀ ਹਨ ਅਤੇ ਜਲਦ ਹੀ ਪਾਣੀ ਦੇ ਵਹਾਅ ਨੂੰ ਮੁਕੰਮਲ ਤੌਰ ’ਤੇ ਰੋਕ ਲਿਆ ਜਾਵੇਗਾ।

Leave a Reply

Your email address will not be published. Required fields are marked *

View in English