ਆਪ ਵਫ਼ਦ ਨੇ ਡੀਜੀਪੀ ਨਾਲ ਕੀਤੀ ਮੁਲਾਕਾਤ, ਪੰਜਾਬ ਦੇ ਮੁੱਖ ਮੰਤਰੀ ਨੂੰ ਨਿਸ਼ਾਨਾ ਬਣਾ ਕੇ ਜਾਅਲੀ ਵੀਡੀਓ ਬਣਾਉਣ ਦੀ ਸਾਜ਼ਿਸ਼ ਦੇ ਮਾਸਟਰਮਾਈਂਡਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਕੀਤੀ ਮੰਗ

*ਮਨਘੜਤ ਵੀਡੀਓ ਰਾਹੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ: ਹਰਪਾਲ ਸਿੰਘ ਚੀਮਾ*

*1986 ਦੇ ਨਕੋਦਰ ਬੇਅਦਬੀ ਕਾਂਡ ਤੋਂ ਲੈ ਕੇ 2015 ਦੇ ਬੇਅਦਬੀ ਮਾਮਲਿਆਂ ਤੱਕ, ਅਕਾਲੀ ਦਲ ਨੇ ਪੰਜਾਬ ਅਤੇ ਪੰਥ ਨੂੰ ਵਾਰ-ਵਾਰ ਨਿਰਾਸ਼ ਕੀਤਾ: ਹਰਪਾਲ ਸਿੰਘ ਚੀਮਾ*

*ਅਕਾਲੀ ਦਲ ਹਮੇਸ਼ਾ ਪੰਜਾਬ ਦੇ ਹਿੱਤਾਂ ਵਿਰੁੱਧ ਕੰਮ ਕਰਦਾ ਰਿਹਾ ਹੈ ਅਤੇ ਵਾਰ-ਵਾਰ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਭੰਗ ਕਰਦਾ ਰਿਹਾ ਹੈ: ਹਰਪਾਲ ਸਿੰਘ ਚੀਮਾ*

*ਅਕਾਲੀ ਗੈਂਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਾਫ਼-ਸੁਥਰੀ ਛਵੀ ਤੋਂ ਪਰੇਸ਼ਾਨ ਹੈ, ਉਨ੍ਹਾਂ ਨੂੰ ਬਦਨਾਮ ਕਰਨ ਲਈ ਜਾਅਲੀ ਵੀਡੀਓਜ਼ ਦਾ ਸਹਾਰਾ ਲੈ ਰਿਹਾ ਹੈ: ਹਰਪਾਲ ਸਿੰਘ ਚੀਮਾ*

*ਅਕਾਲੀ ਦਲ ਦਾ ਇਤਿਹਾਸ ਦਾਗ਼ੀ ਅਤੇ ਪੰਥ ਵਿਰੋਧੀ ਰਿਹਾ ਹੈ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਬਰਦਾਸ਼ਤ ਨਹੀਂ ਕੀਤੀ ਜਾਵੇਗੀ: ਹਰਪਾਲ ਸਿੰਘ ਚੀਮਾ*

*ਜਾਅਲੀ ਵੀਡੀਓ ਬਣਾਉਣ ਵਾਲਿਆਂ ਅਤੇ ਇਸ ਨੂੰ ਪ੍ਰਸਾਰਿਤ ਕਰਨ ਵਾਲਿਆਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ: ਹਰਪਾਲ ਸਿੰਘ ਚੀਮਾ*

*ਸਾਜ਼ਿਸ਼ਕਾਰ ਪੰਜਾਬ ਵਿੱਚ ਬੈਠੇ ਹੋਣ ਜਾਂ ਵਿਦੇਸ਼ਾਂ ਵਿੱਚ, ਉਨ੍ਹਾਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਂਦਾ ਜਾਵੇਗਾ: ਹਰਪਾਲ ਸਿੰਘ ਚੀਮਾ*

ਚੰਡੀਗੜ੍ਹ, 18 ਜੂਨ 2026:

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਅਕਸ ਨੂੰ ਖ਼ਰਾਬ ਕਰਨ ਅਤੇ ਸੂਬੇ ਦੀ ਅਮਨ-ਸ਼ਾਂਤੀ ਨੂੰ ਭੰਗ ਕਰਨ ਦੀ ਨੀਅਤ ਨਾਲ ਬਣਾਈ ਗਈ ਫਰਜ਼ੀ ਵੀਡੀਓ ਦੇ ਮਾਮਲੇ ਨੂੰ ਲੈ ਕੇ ਵੀਰਵਾਰ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ‘ਆਪ’ ਪੰਜਾਬ ਦੇ ਇੱਕ ਵਫ਼ਦ ਨੇ ਪੰਜਾਬ ਦੇ ਡੀਜੀਪੀ ਨਾਲ ਮੁਲਾਕਾਤ ਕੀਤੀ।

ਵਫ਼ਦ ਨੇ ਡੀਜੀਪੀ ਨੂੰ ਦੋ ਅਹਿਮ ਰਿਪੋਰਟਾਂ ਸੌਂਪਦਿਆਂ ਫਰਜ਼ੀ ਵੀਡੀਓ ਬਣਾਉਣ ਅਤੇ ਇਸ ਨੂੰ ਸੋਸ਼ਲ ਮੀਡੀਆ ‘ਤੇ ਫੈਲਾਉਣ ਵਾਲੇ ਸ਼ਰਾਰਤੀ ਤੱਤਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ। ਇਸ ਵਫ਼ਦ ਵਿੱਚ ‘ਆਪ’ ਪੰਜਾਬ ਦੇ ਸੂਬਾ ਪ੍ਰਧਾਨ ਅਮਨ ਅਰੋੜਾ, ਸੂਬਾ ਮੀਡੀਆ ਇੰਚਾਰਜ ਬਲਤੇਜ ਪੰਨੂ ਅਤੇ ਪਾਰਟੀ ਦੇ ਹੋਰ ਸੀਨੀਅਰ ਆਗੂ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ।

ਡੀਜੀਪੀ ਨਾਲ ਮੁਲਾਕਾਤ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸ਼ਿਰੋਮਣੀ ਅਕਾਲੀ ਦਲ ‘ਤੇ ਤਿੱਖਾ ਹਮਲਾ ਬੋਲਿਆ।

ਚੀਮਾ ਨੇ ਕਿਹਾ ਕਿ 3 ਕਰੋੜ ਪੰਜਾਬੀਆਂ ਵੱਲੋਂ ਚੁਣੀ ਗਈ ਹਰਮਨ ਪਿਆਰੀ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਾਫ਼-ਸੁਥਰੇ ਅਕਸ ਤੋਂ ਅਕਾਲੀ ਦਲ ਪੂਰੀ ਤਰ੍ਹਾਂ ਬੌਖਲਾ ਗਿਆ ਹੈ। ਆਪਣੀ ਗੁਆਚੀ ਹੋਈ ਸਿਆਸੀ ਜ਼ਮੀਨ ਨੂੰ ਮੁੜ ਹਾਸਲ ਕਰਨ ਲਈ ਅਕਾਲੀ ਦਲ ਹੁਣ ਇਸ ਹੱਦ ਤੱਕ ਗਿਰ ਗਿਆ ਹੈ ਕਿ ਮੁੱਖ ਮੰਤਰੀ ਦੀ ਫਰਜ਼ੀ ਅਤੇ ਛੇੜਛਾੜ ਕੀਤੀ ਗਈ ਵੀਡੀਓ ਬਣਾ ਕੇ ਉਨ੍ਹਾਂ ਨੂੰ ਬਦਨਾਮ ਕਰਨ ਦੀ ਡੂੰਘੀ ਸਾਜ਼ਿਸ਼ ਰਚ ਰਿਹਾ ਹੈ। ‘ਆਪ’ ਆਗੂ ਨੇ ਚੇਤਾਵਨੀ ਦਿੱਤੀ ਕਿ ਅਜਿਹੀਆਂ ਘਟੀਆ ਹਰਕਤਾਂ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਅਕਾਲੀ ਦਲ ਦੇ ਇਤਿਹਾਸ ਨੂੰ ਕਾਲੇ ਅੱਖਰਾਂ ਵਿੱਚ ਲਿਖਿਆ ਦੱਸਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅਕਾਲੀ ਦਲ ਦਾ ਇਤਿਹਾਸ ਹਮੇਸ਼ਾ ਪੰਜਾਬ ਅਤੇ ਪੰਥ ਵਿਰੋਧੀ ਰਿਹਾ ਹੈ। ਜਦੋਂ-ਜਦੋਂ ਅਕਾਲੀ ਦਲ ਸੱਤਾ ਵਿੱਚ ਆਉਂਦਾ ਹੈ, ਉਦੋਂ-ਉਦੋਂ ਪੰਜਾਬ ਦਾ ਭਾਰੀ ਨੁਕਸਾਨ ਹੁੰਦਾ ਹੈ।

ਪੁਰਾਣੀਆਂ ਘਟਨਾਵਾਂ ਨੂੰ ਯਾਦ ਕਰਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ 1986 ਅਤੇ 2015 ਦੋਵੇਂ ਘਟਨਾਵਾਂ ਅਕਾਲੀ ਦਲ ਦੀਆਂ ਸਰਕਾਰਾਂ ਦੌਰਾਨ ਵਾਪਰੀਆਂ ਸਨ। ਉਨ੍ਹਾਂ ਕਿਹਾ ਕਿ 1986 ਵਿੱਚ ਨਕੋਦਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੋਂ ਬਾਅਦ ਜਦੋਂ ਸੰਗਤ ਨੇ ਇਨਸਾਫ਼ ਮੰਗਿਆ ਤਾਂ 4 ਨੌਜਵਾਨਾਂ ਨੂੰ ਮਾਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ 2015 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੋਂ ਬਾਅਦ ਰੋਸ ਪ੍ਰਦਰਸ਼ਨਾਂ ਦੌਰਾਨ 2 ਨੌਜਵਾਨ ਮਾਰੇ ਗਏ ਸਨ। ਇਹ ਦੋਵੇਂ ਘਟਨਾਵਾਂ ਸਾਜ਼ਿਸ਼, ਸੱਚ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਅਤੇ ਜਵਾਬਦੇਹੀ ਮੰਗਣ ਵਾਲਿਆਂ ਨਾਲ ਹੋਈ ਬੇਇਨਸਾਫ਼ੀ ਦਾ ਪ੍ਰਤੀਕ ਸਨ। ਇਹ ਘਟਨਾਵਾਂ ਅਕਾਲੀ ਦਲ ਦਾ ਅਸਲੀ ਚਿਹਰਾ ਅਤੇ ਪੰਜਾਬ ਤੇ ਪੰਥ ਨਾਲ ਕੀਤੇ ਗਏ ਵਾਰ-ਵਾਰ ਧੋਖੇ ਨੂੰ ਬੇਨਕਾਬ ਕਰਦੀਆਂ ਹਨ।

‘ਆਪ’ ਆਗੂ ਨੇ ਯਾਦ ਦਿਵਾਇਆ ਕਿ 1986 ਵਿੱਚ ਜਦੋਂ ਅਕਾਲੀ ਦਲ ਦੀ ਸਰਕਾਰ ਸੀ, ਉਦੋਂ ਨਕੋਦਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਅਤੇ ਜਦੋਂ ਸੰਗਤਾਂ ਨੇ ਇਨਸਾਫ਼ ਮੰਗਿਆ, ਤਾਂ ਪੰਜ ਸਿੱਖ ਨੌਜਵਾਨਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ। ਇਸ ਕਾਂਡ ਦਾ ਖੁਲਾਸਾ ਪਹਿਲੀ ਵਾਰ ਪੰਜਾਬ ਵਿਧਾਨ ਸਭਾ ਵਿੱਚ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਹੀ ਕੀਤਾ ਸੀ।

ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵੇਲੇ ਬਣੇ ‘ਜਸਟਿਸ ਗੁਰਨਾਮ ਸਿੰਘ ਕਮਿਸ਼ਨ’ ਦੀ ਰਿਪੋਰਟ ਨੂੰ ਜਾਣਬੁੱਝ ਕੇ ਗਾਇਬ ਕਰ ਦਿੱਤਾ ਗਿਆ, ਕਿਉਂਕਿ ਉਸ ਵਿੱਚ ਅਕਾਲੀ ਦਲ ਦਾ ਅਸਲੀ ਚਿਹਰਾ ਬੇਨਕਾਬ ਹੋਣਾ ਸੀ। ਕਾਂਗਰਸ ਦੇ 5 ਸਾਲਾਂ ਦੇ ਰਾਜ ਵਿੱਚ ਵੀ ਇਸ ਰਿਪੋਰਟ ਨੂੰ ਦਬਾ ਕੇ ਰੱਖਿਆ ਗਿਆ। 2015 ਵਿੱਚ ਅਕਾਲੀ ਦਲ ਦੇ ਰਾਜ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ, ਵਿਰੋਧ ਕਰ ਰਹੇ ਨੌਜਵਾਨਾਂ ‘ਤੇ ਗੋਲੀਆਂ ਚਲਾਈਆਂ ਗਈਆਂ ਅਤੇ ਬਾਅਦ ਵਿੱਚ ਸਬੂਤਾਂ ਨੂੰ ਨਸ਼ਟ ਕੀਤਾ ਗਿਆ। ਕਮਿਸ਼ਨ ਦੀਆਂ ਰਿਪੋਰਟਾਂ ਵਿੱਚ ਸਾਫ਼ ਹੈ ਕਿ ਮੌਕੇ ਤੋਂ ਮਿਲੇ ਖਾਲੀ ਕਾਰਤੂਸਾਂ ਤੱਕ ਨਾਲ ਛੇੜਛਾੜ ਕੀਤੀ ਗਈ ਤਾਂ ਜੋ ਦੋਸ਼ੀਆਂ ਨੂੰ ਬਚਾਇਆ ਜਾ ਸਕੇ।

ਚੀਮਾ ਨੇ ਅਕਾਲੀ ਦਲ ‘ਤੇ ਸਿੱਧਾ ਦੋਸ਼ ਲਾਉਂਦਿਆਂ ਕਿਹਾ ਕਿ ਪੰਜਾਬ ਵਿੱਚ ਗੈਂਗਸਟਰ ਕਲਚਰ ਨੂੰ ਪੈਦਾ ਕਰਨ ਅਤੇ ਪਾਲਣ-ਪੋਸਣ ਦਾ ਕੰਮ ਅਕਾਲੀ ਦਲ ਨੇ ਹੀ ਕੀਤਾ ਸੀ। ਹੁਣ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ‘ਆਪ’ ਸਰਕਾਰ ਪੰਜਾਬ ਵਿੱਚੋਂ ਗੈਂਗਸਟਰਾਂ ਅਤੇ ਅਪਰਾਧੀਆਂ ਦਾ ਸਫ਼ਾਇਆ ਕਰ ਰਹੀ ਹੈ, ਤਾਂ ਅਕਾਲੀ ਦਲ ਨੂੰ ਇਹ ਹਜ਼ਮ ਨਹੀਂ ਹੋ ਰਿਹਾ। ਅਕਾਲੀ ਦਲ ਇੱਕ ਵਾਰ ਫਿਰ ਪੰਜਾਬ ਦੀ ਅਮਨ-ਸ਼ਾਂਤੀ, ਭਾਈਚਾਰੇ ਅਤੇ ਸਾਂਝ ਨੂੰ ਅੱਗ ਲਾਉਣ ਲਈ ਬੇਤਾਬ ਬੈਠਾ ਹੈ।

‘ਆਪ’ ਵਫ਼ਦ ਨੇ ਡੀਜੀਪੀ ਪੰਜਾਬ ਤੋਂ ਮੰਗ ਕੀਤੀ ਹੈ ਕਿ ਮੁੱਖ ਮੰਤਰੀ ਦੀ ਫੇਕ ਵੀਡੀਓ ਬਣਾਉਣ ਵਾਲੇ ਅਤੇ ਇਸ ਨੂੰ ਵਾਇਰਲ ਕਰਨ ਵਾਲੇ ਮਾਸਟਰਮਾਈਂਡ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਚਾਹੇ ਸਾਜ਼ਿਸ਼ ਰਚਣ ਵਾਲਾ ਪੰਜਾਬ ਵਿੱਚ ਬੈਠਾ ਹੋਵੇ ਜਾਂ ਵਿਦੇਸ਼ਾਂ ਵਿੱਚ, ਉਸ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਲਿਆ ਕੇ ਖੜ੍ਹਾ ਕੀਤਾ ਜਾਵੇਗਾ। ਪੰਜਾਬ ਦੀ ਸ਼ਾਂਤੀ ਅਤੇ ਕਾਨੂੰਨ ਵਿਵਸਥਾ ਨੂੰ ਭੰਗ ਕਰਨ ਦੀ ਇਜਾਜ਼ਤ ਕਿਸੇ ਨੂੰ ਨਹੀਂ ਦਿੱਤੀ ਜਾਵੇਗੀ।

———

Leave a Reply

Your email address will not be published. Required fields are marked *

View in English