ਚੰਡੀਗੜ੍ਹ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਫੈਕਟ ਸਮਾਚਾਰ ਸੇਵਾ

ਚੰਡੀਗੜ੍ਹ , ਅਪ੍ਰੈਲ 16

ਚੰਡੀਗੜ੍ਹ ਵਿੱਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਵੱਖ-ਵੱਖ ਸੈਕਟਰਾਂ ਵਿੱਚ ਸਥਿਤ ਪੰਜ ਨਾਮੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰੀਆਂ ਈਮੇਲਾਂ ਮਿਲੀਆਂ। ਸੈਕਟਰ-49 ਸਥਿਤ ਰੇਆਨ ਇੰਟਰਨੈਸ਼ਨਲ ਸਕੂਲ, ਸੈਕਟਰ-45 ਦੇ ਸੈਂਟ ਸਟੀਫਨ ਸਕੂਲ, ਸੈਕਟਰ-41 ਦੇ ਅਜੀਤ ਕਰਮ ਸਿੰਘ ਸਕੂਲ, ਸੈਕਟਰ-32 ਦੇ ਸੌਂਪਿਨਜ਼ ਸਕੂਲ ਅਤੇ ਸੈਕਟਰ-26 ਦੇ ਸੈਂਟ ਜੌਨ ਸਕੂਲ ਨੂੰ ਧਮਕੀ ਮਿਲਣ ਤੋਂ ਬਾਅਦ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਤੁਰੰਤ ਹਰਕਤ ਵਿੱਚ ਆ ਗਈਆਂ।

ਸੂਚਨਾ ਮਿਲਦੇ ਹੀ ਸਾਰੇ ਸਕੂਲਾਂ ਵਿੱਚ ਐਹਤਿਆਤ ਵਜੋਂ ਸਰਚ ਓਪਰੇਸ਼ਨ ਸ਼ੁਰੂ ਕਰ ਦਿੱਤਾ ਗਿਆ। ਬੰਬ ਸਕਵਾਡ ਅਤੇ ਡੌਗ ਸਕਵਾਡ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਕੇ ਸਕੂਲ ਪ੍ਰਿਸਰਾਂ ਦੀ ਗਹਿਰਾਈ ਨਾਲ ਜਾਂਚ ਕਰ ਰਹੀਆਂ ਹਨ। ਵਿਦਿਆਰਥੀਆਂ ਅਤੇ ਸਟਾਫ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਸਕੂਲ ਪ੍ਰਬੰਧਕਾਂ ਨੇ ਲਾਜ਼ਮੀ ਕਦਮ ਚੁੱਕੇ ਅਤੇ ਕਈ ਥਾਵਾਂ ‘ਤੇ ਬੱਚਿਆਂ ਨੂੰ ਸਮੇਂ ਤੋਂ ਪਹਿਲਾਂ ਛੁੱਟੀ ਦੇ ਦਿੱਤੀ ਗਈ।

ਪੁਲਿਸ ਅਧਿਕਾਰੀਆਂ ਮੁਤਾਬਕ, ਧਮਕੀ ਭਰੀਆਂ ਈਮੇਲਾਂ ਮਿਲਣ ਤੋਂ ਬਾਅਦ ਪੂਰੇ ਸ਼ਹਿਰ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ। ਸਕੂਲਾਂ ਦੇ ਆਲੇ-ਦੁਆਲੇ ਵਾਧੂ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ ਅਤੇ ਆਉਣ-ਜਾਣ ਵਾਲਿਆਂ ‘ਤੇ ਨਜ਼ਰ ਰੱਖੀ ਜਾ ਰਹੀ ਹੈ। ਫਿਲਹਾਲ ਕਿਸੇ ਵੀ ਸਕੂਲ ਤੋਂ ਕੋਈ ਸੰਦੇਹਜਨਕ ਵਸਤੂ ਮਿਲਣ ਦੀ ਸੂਚਨਾ ਨਹੀਂ ਹੈ।

ਸਾਈਬਰ ਸੈੱਲ ਦੀ ਟੀਮ ਈਮੇਲ ਦੇ ਸਰੋਤ ਦਾ ਪਤਾ ਲਗਾਉਣ ਵਿੱਚ ਜੁਟੀ ਹੋਈ ਹੈ। ਸ਼ੁਰੂਆਤੀ ਜਾਂਚ ਵਿੱਚ ਸ਼ਰਾਰਤੀ ਤੱਤਾਂ ਦੀ ਸਾਜ਼ਿਸ਼ ਦੀ ਸੰਭਾਵਨਾ ਜਤਾਈ ਜਾ ਰਹੀ ਹੈ, ਹਾਲਾਂਕਿ ਪੁਲਿਸ ਹਰ ਪੱਖ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਫਵਾਹਾਂ ‘ਤੇ ਧਿਆਨ ਨਾ ਦੇਣ ਅਤੇ ਕਿਸੇ ਵੀ ਸੰਦੇਹਜਨਕ ਗਤੀਵਿਧੀ ਦੀ ਜਾਣਕਾਰੀ ਤੁਰੰਤ ਪੁਲਿਸ ਨੂੰ ਦੇਣ।

Leave a Reply

Your email address will not be published. Required fields are marked *

View in English