ਫੈਕਟ ਸਮਾਚਾਰ ਸੇਵਾ
ਗੁਰਦਾਸਪੁਰ , ਨਵੰਬਰ 7
ਸਿੱਖ ਧਰਮ ਦੇ ਮੋਢੀ ਗੁਰੂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 553ਵੇਂ ਪ੍ਰਕਾਸ਼ ਪੂਰਬ ਨੂੰ ਸਮੱਰਪਿਤ ਖਾਲਸਾਈ ਜਾਹੋ ਜਲਾਲ ਬਿਖੇਰਦਾ ਅਲੌਕਿਕ ਤੇ ਪਵਿੱਤਰ ਨਗਰ ਕੀਰਤਨ ਜੈਕਾਰਿਆਂ ਦੀਆਂ ਗੂੰਜਾ ਦੇ ਨਾਲ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆ ਦੀ ਅਗੁਵਾਹੀ ਹੇਠ ਸਿੱਖ ਸੰਗਤਾਂ ਦੇ ਵਲੋਂ ਬਟਾਲਾ ਦੀ ਪਾਵਨ ਪਵਿਤਰ ਧਰਤੀ ਤੇ ਸਜਾਇਆ ਗਿਆ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਹੁਰਾ ਘਰ ਜਿਥੇ ਹੁਣ ਇਤਹਾਸਿਕ ਗੁਰਦਵਾਰਾ ਸ਼੍ਰੀ ਕੰਧ ਸਾਹਿਬ ਦੀ ਸੁੰਦਰ ਇਮਾਰਤ ਸ਼ਸ਼ੋਭਿਤ ਹੈ, ਵਿਖੇ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਤੇ ਅਰਦਾਸ ਉਪਰੰਤ ਸ਼ੰਗਤਾਂ ਵਲੋਂ ਇਸ ਨਗਰ ਕੀਰਤਨ ਦੀ ਸ਼ੁਰੂਆਤ ਕੀਤੀ ਗਈ। ਸ਼ਹਿਰ ਵਿਚ ਵੱਖ ਰਾਜਨੀਤਕ ਤੇ ਸਮਾਜਿਕ ਸੰਗਠਨਾਂ ਤੇ ਸ਼ਹਿਰ ਵਾਸੀਆਂ ਨੇ ਥਾਂ ਥਾਂ ਨਗਰ ਕੀਰਤਨ ਦਾ ਜਿਥੇ ਨਿੱਘਾ ਸਵਾਗਤ ਕੀਤਾ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿਚ ਗੁਰੂ ਤੇ ਗੁਰਬਾਣੀ ਦਾ ਗੁਣਗਾਨ ਕਰਦੀਆਂ ਸ਼ੰਗਤਾਂ ਗੁਰੂ ਦੇ ਰੰਗ ਵਿਚ ਹੀ ਰੰਗੀਆਂ ਦਿਖਾਈ ਦਿੱਤੀਆਂ। ਇਸ ਮੌਕੇ ਸੰਗਤਾਂ ਦੇ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਗੇ ਨਤਮਸਤਕ ਹੋਕੇ ਸਰਬਤ ਦੇ ਭਲੇ ਦੀ ਅਰਦਾਸ ਕਰ ਰਹੀਆਂ ਸਨ ਅਤੇ ਬੈੰਡ ਪਾਰਟੀਆਂ ਅਤੇ ਗਤਕਾ ਪਾਰਟੀਆਂ ਵੀ ਇਸ ਨਗਰ ਕੀਰਤਨ ਦੀ ਸ਼ੋਭਾ ਵਧਾਉਂਦੀਆਂ ਨਜਰ ਆ ਰਹੀਆਂ ਸਨ। ਸਿੱਖ ਸੰਗਤਾਂ ਦਾ ਕਹਿਣਾ ਸੀ ਕਿ ਸਾਨੂੰ ਸਭ ਨੂੰ ਸ੍ਰੀ ਗੁਰੁ ਨਾਨਕ ਦੇਵ ਜੀ ਦੇ ਦਰਸਾਏ ਮਾਰਗ “ਕਿਰਤ ਕਰੋ ਅਤੇ ਵੰਡ ਛਕੋ” ਤੇ ਚੱਲਣਾ ਚਾਹੀਦਾ ਹੈ ਅਤੇ ਆਪਣੇ ਜੀਵਨ ਨੂੰ ਸਫਲ ਬਣਾਉਣਾ ਚਾਹੀਦਾ ਹੈ ਅਤੇ ਹਮੇਸ਼ਾ ਹੀ ਸਰਬਤ ਦਾ ਭਲਾ ਮੰਗਣਾ ਚਾਹੀਦਾ ਹੈ।







