ਚੰਦਰਯਾਨ-4 ਅਤੇ ਚੰਦਰਯਾਨ-5 ਮਿਸ਼ਨਾਂ ਦਾ ਡਿਜ਼ਾਈਨ ਤਿਆਰ

ਇਸਰੋ ਪੁਲਾੜ ਵਿੱਚ ਅਗਲੇ ਕਾਰਨਾਮੇ ਦੀ ਤਿਆਰੀ ਵਿਚ
ਸਰਕਾਰ ਤੋਂ ਮਨਜ਼ੂਰੀ ਦੀ ਉਡੀਕ
ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਚੇਅਰਮੈਨ ਐੱਸ. ਸੋਮਨਾਥ ਨੇ ਚੰਦਰਯਾਨ-4 ਮਿਸ਼ਨ ਬਾਰੇ ਅਹਿਮ ਜਾਣਕਾਰੀ ਦਿੱਤੀ ਹੈ। ਨਿਊਜ਼ ਏਜੰਸੀ ਏਐਨਆਈ ਨੂੰ ਦਿੱਤੇ ਇੰਟਰਵਿਊ ਵਿੱਚ ਉਨ੍ਹਾਂ ਕਿਹਾ ਕਿ ਇਸ ਦਾ ਡਿਜ਼ਾਈਨ ਤਿਆਰ ਕਰ ਲਿਆ ਗਿਆ ਹੈ। ਸੋਮਨਾਥ ਨੇ ਕਿਹਾ, ‘ਚੰਦਰਯਾਨ-3 ਮਿਸ਼ਨ ਪੂਰਾ ਹੋ ਗਿਆ ਹੈ। ਅੱਖਾਂ ਹੁਣ ਚੰਦਰਯਾਨ-4 ਅਤੇ ਚੰਦਰਯਾਨ-5 ‘ਤੇ ਹਨ। ਖਾਸ ਗੱਲ ਇਹ ਹੈ ਕਿ ਦੋਵਾਂ ਦੇ ਡਿਜ਼ਾਈਨ ਤਿਆਰ ਹਨ ਅਤੇ ਅਸੀਂ ਸਰਕਾਰ ਤੋਂ ਮਨਜ਼ੂਰੀ ਦੀ ਉਡੀਕ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਇੱਕ ਹੋਰ ਸਟੇਸ਼ਨ ਬਣਾਉਣਾ ਚਾਹੁੰਦੇ ਹਾਂ ਜਿੱਥੇ 5 ਮਾਡਿਊਲ ਹੋਣਗੇ। ਇਸਦਾ ਪਹਿਲਾ ਮਾਡਿਊਲ 2028 ਵਿੱਚ ਲਾਂਚ ਕੀਤਾ ਜਾਣਾ ਹੈ ਅਤੇ ਇਸਦਾ ਡਿਜ਼ਾਈਨ ਤਿਆਰ ਹੈ। ਇਸ ਨੂੰ ਮਨਜ਼ੂਰੀ ਲਈ ਸਰਕਾਰ ਨੂੰ ਵੀ ਭੇਜ ਦਿੱਤਾ ਗਿਆ ਹੈ।

ਇਸਰੋ ਮੁਖੀ ਨੂੰ ਪੁੱਛਿਆ ਗਿਆ ਕਿ ਚੰਦ ‘ਤੇ ਪਹਿਲਾ ਭਾਰਤੀ ਕਦਮ ਕਦੋਂ ਰੱਖੇਗਾ? ਇਸ ਦੇ ਜਵਾਬ ‘ਚ ਉਨ੍ਹਾਂ ਕਿਹਾ ਕਿ ਚੰਦ ‘ਤੇ ਮਨੁੱਖ ਦੇ ਕਦਮ ਰੱਖਣ ਲਈ ਸਾਡਾ ਮਿਸ਼ਨ ਵੀ ਚੱਲ ਰਿਹਾ ਹੈ। ਜ਼ਾਹਿਰ ਹੈ ਕਿ ਇਸ ਵਿੱਚ ਸਮਾਂ ਲੱਗੇਗਾ ਅਤੇ ਅਸੀਂ 2040 ਤੱਕ ਦਾ ਟੀਚਾ ਰੱਖਿਆ ਹੈ। ਉਨ੍ਹਾਂ ਕਿਹਾ, ‘ਇਸ ਸਬੰਧੀ ਹੌਲੀ-ਹੌਲੀ ਕਦਮ ਚੁੱਕੇ ਜਾ ਰਹੇ ਹਨ। ਹਾਲਾਂਕਿ ਇਹ ਪ੍ਰਕਿਰਿਆ ਕੁਝ ਸਾਲਾਂ ਬਾਅਦ ਸ਼ੁਰੂ ਹੋਵੇਗੀ। ਇਸ ਲਈ ਕਿਸ ਤਰ੍ਹਾਂ ਦੇ ਨਿਵੇਸ਼ ਦੀ ਲੋੜ ਹੈ, ਦਾ ਪ੍ਰਸਤਾਵ ਸਰਕਾਰ ਨੂੰ ਸੌਂਪ ਦਿੱਤਾ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸਮੇਂ ਲਗਭਗ 50 ਸੈਟੇਲਾਈਟਾਂ ਦੀ ਵਿਉਂਤਬੰਦੀ ਚੱਲ ਰਹੀ ਹੈ ਜੋ ਵੱਖ-ਵੱਖ ਭੂਮਿਕਾਵਾਂ ਨਿਭਾਉਣਗੇ। ਉਨ੍ਹਾਂ ਦੇ ਡਿਜ਼ਾਈਨ ਤਿਆਰ ਕੀਤੇ ਜਾ ਰਹੇ ਹਨ।

ਇਸਰੋ ਦੇ ਚੰਦਰਯਾਨ-3 ਮਿਸ਼ਨ ਨੇ ਚੰਦਰਮਾ ਦੀ ਸਤ੍ਹਾ ‘ਤੇ ਉਤਰ ਕੇ ਇਤਿਹਾਸ ਰਚ ਦਿੱਤਾ ਹੈ। ਭਾਰਤ ਚੰਦਰਮਾ ਦੇ ਦੱਖਣੀ ਧਰੁਵ ‘ਤੇ ਉਤਰਨ ਵਾਲਾ ਪਹਿਲਾ ਦੇਸ਼ ਬਣ ਗਿਆ ਹੈ। ਪਹਿਲਾਂ ਚੰਦਰਮਾ ‘ਤੇ ਵਿਕਰਮ ਲੈਂਡਰ ਦੀ ਸਾਫਟ ਲੈਂਡਿੰਗ ਹੋਈ, ਜਿਸ ਤੋਂ ਬਾਅਦ ਪ੍ਰਗਿਆਨ ਰੋਵਰ ਇਸ ਤੋਂ ਨਿਕਲ ਕੇ ਚੰਦਰਮਾ ਦੀ ਸਤ੍ਹਾ ‘ਤੇ ਘੁੰਮਣਾ ਸ਼ੁਰੂ ਕਰ ਦੇਵੇਗਾ। ਚੰਦਰਯਾਨ-3 ਨੇ 14 ਜੁਲਾਈ ਨੂੰ ਦੁਪਹਿਰ 2:35 ਵਜੇ ਸ਼੍ਰੀਹਰੀਕੋਟਾ ਤੋਂ ਉਡਾਣ ਭਰੀ, ਆਪਣੀ 40 ਦਿਨਾਂ ਦੀ ਲੰਬੀ ਯਾਤਰਾ ਨੂੰ ਸਫਲਤਾਪੂਰਵਕ ਪੂਰਾ ਕੀਤਾ। ਇਹ ਜਾਣਨਾ ਦਿਲਚਸਪ ਹੈ ਕਿ ਚੰਦਰਯਾਨ-2 ਨੇ ਚੰਦਰਯਾਨ-3 ਨੂੰ ਸੰਦੇਸ਼ ਭੇਜਿਆ ਸੀ ਜੋ ਚੰਦਰਮਾ ਦੀ ਸਤ੍ਹਾ ਵੱਲ ਵਧ ਰਿਹਾ ਸੀ। ਇਸ ‘ਚ ਲਿਖਿਆ ਸੀ- ‘ਜੀ ਆਇਆਂ ਨੂੰ ਬੱਡੀ’। ਇਸ ਦੇ ਮੈਸੇਜ ਡਿਲੀਵਰੀ ਦੀ ਜਾਣਕਾਰੀ ਚੰਦਰਯਾਨ-2 ਤੱਕ ਵੀ ਪਹੁੰਚ ਗਈ ਸੀ। ਨਾਸਾ ਅਤੇ ਯੂਰਪੀ ਪੁਲਾੜ ਏਜੰਸੀ ਨੇ ਵੀ ਚੰਦਰਯਾਨ-3 ਦੀ ਸਫਲਤਾ ਲਈ ਇਸਰੋ ਨੂੰ ਵਧਾਈ ਦਿੱਤੀ ਹੈ।

Leave a Reply

Your email address will not be published. Required fields are marked *

View in English