ਫੈਕਟ ਸਮਾਚਾਰ ਸੇਵਾ
ਮੁੰਬਈ , ਅਗਸਤ 8
ਬਾਲੀਵੁੱਡ ਅਦਾਕਾਰਾ ਮਮਤਾ ਕੁਲਕਰਨੀ ਨੂੰ ਡਰੱਗਸ ਨਾਲ ਜੁੜੇ ਇਕ ਮਾਮਲੇ ’ਚ ਬਾਂਬੇ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਅਦਾਲਤ ਨੇ ਉਨ੍ਹਾਂ ਖ਼ਿਲਾਫ਼ ਦਰਜ 2016 ਦੇ ਡਰੱਗਸ ਮਾਮਲੇ ਨੂੰ ਰੱਦ ਕਰ ਦਿੱਤਾ ਹੈ। ਹਾਈ ਕੋਰਟ ਨੇ ਕਿਹਾ ਕਿ ਕੁਲਕਰਨੀ ਖ਼ਿਲਾਫ਼ ਕਾਰਵਾਈ ਸਪਸ਼ਟ ਰੂਪ ਨਾਲ ਨਾਮਾਤਰ ਤੇ ਅਫ਼ਸੋਸਜਨਕ ਹੈ ਤੇ ਇਸ ਨੂੰ ਜਾਰੀ ਰੱਖਣ ਨਾਲ ਅਦਾਲਤ ਦੀ ਦੁਰਵਰਤੋਂ ਹੋਵੇਗੀ।
ਜਸਟਿਸ ਭਾਰਤੀ ਡਾਂਗਰੇ ਤੇ ਮੰਜੂਸ਼ਾ ਦੇਸ਼ਪਾਂਡੇ ਦੇ ਬੈਂਚ ਨੇ 22 ਜੁਲਾਈ ਨੂੰ ਪਾਸ ਇਕ ਆਦੇਸ਼ ’ਚ, ਜਿਸ ਦੀ ਇਕ ਕਾਪੀ ਬੁੱਧਵਾਰ ਨੂੰ ਉਪਲਬਧ ਕਰਾਈ ਗਈ ਸੀ, ਕਿਹਾ ਕਿ ਉਸ ਦੀ ਸਪਸ਼ਟ ਰਾਇ ਹੈ ਕਿ ਕੁਲਕਰਨੀ ਖ਼ਿਲਾਫ਼ ਇਕੱਠੀ ਕੀਤੀ ਗਈ ਸਮੱਗਰੀ ਪਹਿਲੀ ਨਜ਼ਰ ’ਚ ਕੋਈ ਅਪਰਾਧ ਨਹੀਂ ਬਣਦਾ। ਬੈਂਚ ਨੇ ਆਪਣੇ ਆਦੇਸ਼ ’ਚ ਕਿਹਾ ਕਿ ਅਸੀਂ ਸੰਤੁਸ਼ਟ ਹਾਂ ਕਿ ਪਟੀਸ਼ਨਰ ਖ਼ਿਲਾਫ਼ ਮੁਕੱਦਮਾ ਜਾਰੀ ਰੱਖਣਾ ਅਦਾਲਤ ਦੀ ਪ੍ਰਕਿਰਿਆ ਦੀ ਦੁਰਵਰਤੋਂ ਤੋਂ ਘੱਟ ਨਹੀਂ ਹੋਵੇਗੀ। ਉਹ ਇਸ ਗੱਲ ਤੋਂ ਸੰਤੁਸ਼ਟ ਹਨ ਕਿ ਐੱਫਆਈਆਰ ਰੱਦ ਕਰਨ ਦੀਆਂ ਆਪਣੀਆਂ ਸ਼ਕਤੀਆਂ ਦੀ ਵਰਤੋਂ ਕਰਨ ਲਈ ਇਹ ਇਕ ਸਹੀ ਮਾਮਲਾ ਹੈ ਕਿਉਂਕਿ ਕਾਰਵਾਈ ਸਪਸ਼ਟ ਰੂਪ ਨਾਲ ਨਾਮਾਤਰ ਤੇ ਅਫ਼ਸੋਸਜਨਕ ਹੈ।
ਜਿਕਰਯੋਗ ਹੈ ਕਿ ਕੁਲਕਰਨੀ ਨੇ ਨਾਰਕੋਟਿਕਸ ਡਰੱਗਸ ਐਂਡ ਸਾਇਕੋਟ੍ਰੋਪਿਕ ਸਬਸਟੈਂਸ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਠਾਣੇ ਪੁਲਿਸ ਵੱਲੋਂ 2016 ’ਚ ਉਨ੍ਹਾਂ ਖ਼ਿਲਾਫ਼ ਦਰਜ ਕੀਤੀ ਗਈ FIR ਰੱਦ ਕਰਨ ਲਈ ਪਟੀਸ਼ਨ ਦਾਇਰ ਕੀਤੀ ਸੀ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਮਾਮਲੇ ’ਚ ਫਸਾਇਆ ਗਿਆ ਹੈ ਤੇ ਉਹ ਸਿਰਫ਼ ਵਿੱਕੀ ਗੋਸਵਾਮੀ ਨੂੰ ਜਾਣਦੇ ਸਨ, ਜਿਹੜਾ ਮਾਮਲੇ ਦੇ ਸਹਿ-ਦੋਸ਼ੀਆਂ ’ਚੋਂ ਇਕ ਹੈ। ਪੁਲਿਸ ਨੇ ਅਪ੍ਰੈਲ 2016 ’ਚ ਇਕ ਕਿਲੋਗ੍ਰਾਮ ਇਫੈਡ੍ਰਿਨ, ਇਕ ਨਸ਼ੀਲਾ ਪਦਾਰਥ ਰੱਖਣ ਦੇ ਦੋਸ਼ ’ਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਸ਼ੁਰੂਆਤੀ ਜਾਂਚ ਤੋਂ ਬਾਅਦ ਕੁਲਕਰਨੀ ਸਮੇਤ 10 ਹੋਰ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ।







