ਪੰਜਾਬ ’ਚ ਅੱਜ ਵੀ ਭਾਰੀ ਮੀਂਹ ਦੀ ਸੰਭਾਵਨਾ, ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ

ਫੈਕਟ ਸਮਾਚਾਰ ਸੇਵਾ

ਚੰਡੀਗੜ੍ਹ , ਜੁਲਾਈ 7

ਮੌਸਮ ਵਿਭਾਗ ਨੇ ਸੂਬੇ ’ਚ ਅੱਜ ਯੈਲੋ ਅਲਰਟ ਜਾਰੀ ਕਰਦਿਆਂ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ, ਜਿਸ ਦੌਰਾਨ ਕਈ ਜ਼ਿਲ੍ਹਿਆਂ ’ਚ ਭਾਰੀ ਤੇ ਕਈਆਂ ’ਚ ਬਹੁਤ ਜ਼ਿਆਦਾ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਦੇਰ ਰਾਤ ਸੂਬੇ ਦੇ ਜ਼ਿਆਦਾਤਰ ਜ਼ਿਲ੍ਹਿਆਂ ’ਚ ਮੀਂਹ ਪਿਆ, ਜੋ ਸ਼ਨਿਚਰਵਾਰ ਸਵੇਰ ਤੱਕ ਜਾਰੀ ਰਿਹਾ। ਮੀਂਹ ਪੈਣ ਨਾਲ ਮੌਸਮ ਸੁਹਾਵਣਾ ਹੋ ਗਿਆ। ਸ਼ਨਿਚਰਵਾਰ ਨੂੰ ਪਏ ਮੀਂਹ ਨੇ ਕੁਝ ਸਮੇਂ ਲਈ ਲੋਕਾਂ ਨੂੰ ਰਾਹਤ ਤਾਂ ਜ਼ਰੂਰ ਦਿਵਾਈ, ਪਰ ਜਿਵੇਂ ਹੀ ਧੁੱਪ ਨਿਕਲੀ ਤਾਂ ਹੁੰਮਸ ਭਰੀ ਗਰਮੀ ਕਾਰਨ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ, ਪਰ ਬਾਅਦ ਦੁਪਹਿਰ ਛਾਏ ਬੱਦਲਾਂ ਕਾਰਨ ਮੌਸਮ ਮੁੜ ਸੁਹਾਵਣਾ ਹੋ ਗਿਆ।

ਮੌਸਮ ਕੇਂਦਰ ਚੰਡੀਗੜ੍ਹ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਅੱਜ ਵੱਖ-ਵੱਖ ਜ਼ਿਲ੍ਹਿਆਂ ’ਚ ਮੀਂਹ ਪੈ ਸਕਦਾ ਹੈ। ਸ਼ਨਿਚਰਵਾਰ ਨੂੰ ਜ਼ਿਲ੍ਹਾ ਫਾਜ਼ਿਲਕਾ ਦਾ ਦਿਨ ਦਾ ਤਾਪਮਾਨ ਸਭ ਤੋਂ ਵੱਧ 37.7 ਸੈਲਸੀਅਸ ਰਿਕਾਰਡ ਕੀਤਾ ਗਿਆ। ਪਠਾਨਕੋਟ ਦਾ ਵੱਧ ਤੋਂ ਵੱਧ ਤਾਪਮਾਨ 35.9 ਡਿਗਰੀ, ਫ਼ਰੀਦਕੋਟ ਦਾ 35.8, ਲੁਧਿਆਣਾ ਦਾ 34.3 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। 24 ਘੰਟਿਆਂ ਦੌਰਾਨ ਜ਼ਿਲ੍ਹਾ ਪਟਿਆਲਾ ’ਚ ਸਭ ਤੋਂ ਵੱਧ 56 ਐੱਮਐੱਮ ਮੀਂਹ ਰਿਕਾਰਡ ਕੀਤਾ ਗਿਆ। ਇਸ ਤੋਂ ਇਲਾਵਾ ਫ਼ਰੀਦਕੋਟ ’ਚ 37.8 ਐੱਮਐੱਮ, ਗੁਰਦਾਸਪੁਰ ’ਚ 37.6 ਐੱਮਐੱਮ, ਅੰਮ੍ਰਿਤਸਰ ’ਚ 22.6 ਐੱਮਐੱਮ ਤੇ ਲੁਧਿਆਣਾ ’ਚ 13.8 ਐੱਮਐੱਮ ਮੀਂਹ ਰਿਕਾਰਡ ਕੀਤਾ ਗਿਆ।

Leave a Reply

Your email address will not be published. Required fields are marked *

View in English