ਫੈਕਟ ਸਮਾਚਾਰ ਸੇਵਾ
ਬਠਿੰਡਾ , ਦਸੰਬਰ 16
ਮੌੜ ਮੰਡੀ ਵਿਖੇ ਆਮ ਆਦਮੀ ਪਾਰਟੀ ਦੀ ਰੈਲੀ ਦੌਰਾਨ ਮੁੱਖ ਮੰਤਰੀ ਦੇ ਸੁਰੱਖਿਆ ਅਮਲੇ ਦੇ ਠਹਿਰਣ ਲਈ ਇਲਾਕੇ ਦੇ ਸਕੂਲਾਂ ’ਚ ਛੁੱਟੀ ਕਰਨ ਬਾਰੇ ਜ਼ਿਲ੍ਹਾ ਸਿੱਖਿਆ ਅਫਸਰਾਂ ਵੱਲੋਂ ਜਾਰੀ ਪੱਤਰ ਦਾ ਡਿਪਟੀ ਕਮਿਸ਼ਨਰ ਨੇ ਗੰਭੀਰ ਨੋਟਿਸ ਲਿਆ ਹੈ। ਡਿਪਟੀ ਕਮਿਸ਼ਨਰ ਨੇ ਦੋਵਾਂ ਅਧਿਕਾਰੀਆਂ ਨੂੰ ਪੱਤਰ ਫ਼ੌਰੀ ਤੌਰ ’ਤੇ ਵਾਪਸ ਲੈਣ ਤੇ ਇਸ ਕਾਰਵਾਈ ਨੂੰ ਗ਼ੈਰਜ਼ਿੰਮੇਵਾਰਾਨਾ ਹਰਕਤ ਕਰਾਰ ਦਿੰਦਿਆਂ ਦੋਵਾਂ ਕੋਲੋਂ ਦੋ ਦਿਨਾਂ ’ਚ ਜਵਾਬ ਤਲਬ ਕਰ ਲਿਆ ਹੈ।
ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਭੁਪਿੰਦਰ ਕੌਰ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ਼ਿਵਪਾਲ ਗੋਇਲ ਨੇ ਮੌੜ ਮੰਡੀ ਇਲਾਕੇ ’ਚ 17 ਦਸੰਬਰ ਨੂੰ ਹੋਣ ਵਾਲੀ ਆਮ ਆਦਮੀ ਪਾਰਟੀ ਦੀ ਰੈਲੀ ਦੇ ਮੱਦੇਨਜ਼ਰ ਸੀਐੱਮ ਸਕਿਓਇਰਟੀ ਅਮਲੇ ਦੇ ਠਹਿਰਣ ਦਾ ਪ੍ਰਬੰਧ ਕਰਨ ਲਈ 16 ਦਸੰਬਰ ਨੂੰ ਇਲਾਕੇ ਦੇ ਛੇ ਸਕੂਲਾਂ ’ਚ ਛੁੱਟੀ ਕਰਨ ਤੇ ਉਕਤ ਸਕੂਲ ਮੁਖੀਆਂ ਨੂੰ ਸ਼ਾਮ ਤਕ ਸਕੂਲਾਂ ’ਚ ਰਹਿ ਕੇ ਬਿਜਲੀ, ਪਾਣੀ ਤੇ ਸਾਫ਼ ਸਫਾਈ ਆਦਿ ਦੇ ਪ੍ਰਬੰਧ ਦੇਖਣ ਲਈ ਕਿਹਾ ਸੀ।
ਦੋਵਾਂ ਸਿੱਖਿਆ ਅਧਿਕਾਰੀਆਂ ਵੱਲੋਂ ਜਾਰੀ ਇਹ ਪੱਤਰ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ ਤਾਂ ਇਸ ਕਾਰਨ ਸਰਕਾਰ ਦੀ ਬਦਨਾਮੀ ਹੋਣ ਲੱਗੀ। ਮਾਮਲਾ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਤ ਪਰੇ ਤੱਕ ਪੁੱਜਾ ਤਾਂ ਉਨ੍ਹਾਂ ਇਸ ਦਾ ਗੰਭੀਰ ਨੋਟਿਸ ਲਿਆ। ਡਿਪਟੀ ਕਮਿਸ਼ਨਰ ਨੇ ਸਬੰਧਤ ਅਫ਼ਸਰਾਂ ਨੂੰ ਪੱਤਰ ਜਾਰੀ ਕਰ ਕੇ ਕਿਹਾ ਹੈ ਕਿ ਉਨ੍ਹਾਂ ਦੇ ਦਫਤਰ ਵੱਲੋਂ ਮੁੱਖ ਮੰਤਰੀ ਦੇ ਸੁਰੱਖਿਆ ਅਮਲੇ ਦੇ ਠਹਿਰਣ ਦਾ ਇੰਤਜਾਮ ਸਕੂਲਾਂ ’ਚ ਕਰਨ ਲਈ ਨਹੀਂ ਕਿਹਾ ਗਿਆ। ਇਸ ਦੇ ਬਾਵਜੂਦ ਸਿੱਖਿਆ ਅਫ਼ਸਰਾਂ ਨੇ ਆਪਣੇ ਪੱਧਰ ’ਤੇ ਪੱਤਰ ਕਿਵੇਂ ਜਾਰੀ ਕਰ ਦਿੱਤਾ।
ਇਸ ਸਬੰਧੀ ਉਨ੍ਹਾਂ ਨਾਲ ਸਲਾਹ ਮਸ਼ਵਰਾ ਕਰਨਾ ਵੀ ਜ਼ਰੂਰੀ ਨਹੀਂ ਸਮਝਿਆ ਗਿਆ। ਡਿਪਟੀ ਕਮਿਸ਼ਨਰ ਨੇ ਕਿਹਾ ਹੈ ਕਿ ਦੋਵਾਂ ਅਧਿਕਾਰੀਆਂ ਨੇ ਇਸ ਤਰ੍ਹਾਂ ਦੇ ਪੱਤਰ ਜਾਰੀ ਕਰ ਕੇ ਆਪਣੀ ਡਿਊਟੀ ’ਚ ਕੁਤਾਹੀ ਹੀ ਨਹੀਂ ਵਰਤੀ, ਸਗੋਂ ਗ਼ੈਰਜ਼ਿੰਮੇਵਾਰਾਨਾ ਵਿਹਾਰ ਕੀਤਾ ਹੈ। ਇਸ ਲਈ ਕਿਉਂ ਨਾਂ ਦੋਵਾਂ ਖ਼ਿਲਾਫ਼ ਅਨੁਸ਼ਾਸ਼ਨੀ ਕਾਰਵਾਈ ਕੀਤੀ ਜਾਵੇ। ਡਿਪਟੀ ਕਮਿਸ਼ਨਰ ਨੇ ਦੋ ਦਿਨਾਂ ਦੇ ਅੰਦਰ ਦੋਵਾਂ ਅਧਿਕਾਰੀਆਂ ਨੂੰ ਜਵਾਬ ਦੇਣ ਦੀ ਹਦਾਇਤ ਕੀਤੀ ਹੈ। ਇਸ ਦੇ ਨਾਲ ਹੀ ਕਿਹਾ ਹੈ ਕਿ ਜੇਕਰ ਤੈਅ ਸਮੇਂ ’ਚ ਦੋਵੇਂ ਅਧਿਕਾਰੀ ਜਵਾਬ ਨਹੀਂ ਦੇਣਗੇ ਤਾਂ ਸਮਝਿਆ ਜਾਵੇਗਾ ਕਿ ਉਹ ਇਸ ਮਾਮਲੇ ’ਚ ਕੁੱਝ ਨਹੀਂ ਕਹਿਣਾ ਚਾਹੁੰਦੇ ਤੇ ਉਨ੍ਹਾਂ ਖ਼ਿਲਾਫ਼ ਨਿਯਮਾਂ ਅਨੁਸਾਰ ਅਗਲੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।







