ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ , ਨਵੰਬਰ 30
ਦਿੱਲੀ ਮੈਟਰੋ ‘ਚ ਜਲਦਬਾਜ਼ੀ ‘ਚ ਟਰੈਕ ਪਾਰ ਕਰਨ ਕਾਰਨ ਇਕ ਵਿਅਕਤੀ ਦੀ ਦਰਦਨਾਕ ਮੌਤ ਹੋ ਗਈ। ਘਟਨਾ 12 ਨਵੰਬਰ ਦੀ ਹੈ। ਇਸ ਘਟਨਾ ਦੀ ਵੀਡੀਓ ਹੁਣ ਇੰਟਰਨੈੱਟ ‘ਤੇ ਵਾਇਰਲ ਹੋ ਰਹੀ ਹੈ। ਮ੍ਰਿਤਕ ਦੀ ਪਛਾਣ ਭੂਰਾ ਸਿੰਘ ਵਾਸੀ ਕਾਨਪੁਰ, ਉੱਤਰ ਪ੍ਰਦੇਸ਼ ਵਜੋਂ ਹੋਈ ਹੈ। ਇਸ ਮਾਮਲੇ ‘ਚ ਵੀਡੀਓ ਵਾਇਰਲ ਹੋਣ ਤੋਂ ਬਾਅਦ ਦਿੱਲੀ ਮੈਟਰੋ ਨੂੰ ਬਿਆਨ ਜਾਰੀ ਕਰਨਾ ਪਿਆ। ਮੈਟਰੋ ਦੇ ਬੁਲਾਰੇ ਅਨੁਜ ਦਿਆਲ ਨੇ ਕਿਹਾ ਕਿ ਹਾਲ ਹੀ ਦੀ ਘਟਨਾ ਦਾ ਵੀਡੀਓ ਇੰਟਰਨੈੱਟ ‘ਤੇ ਵਾਇਰਲ ਹੋ ਰਿਹਾ ਹੈ।
ਇਹ ਘਟਨਾ 12 ਨਵੰਬਰ ਨੂੰ ਕੁਤੁਬ ਮੀਨਾਰ ਸਟੇਸ਼ਨ ‘ਤੇ ਵਾਪਰੀ ਸੀ, ਜਿਸ ‘ਚ ਇਕ ਯਾਤਰੀ ਮੈਟਰੋ ਦੀ ਪਟੜੀ ਪਾਰ ਕਰਦੇ ਸਮੇਂ ਮੈਟਰੋ ਅਤੇ ਪਲੇਟਫਾਰਮ ਵਿਚਕਾਰ ਫਸ ਗਿਆ ਸੀ। ਦੱਸ ਦਈਏ ਕਿ ਭੂਰਾ ਸਿੰਘ ਮਾਨੇਸਰ ਨੇੜੇ ਕਸਾਨ ਪਿੰਡ ‘ਚ ਆਪਣੇ ਬੇਟੇ ਅਸ਼ਵਿਨ ਨਾਲ ਰਹਿੰਦਾ ਸੀ।
12 ਨਵੰਬਰ ਨੂੰ ਉਹ ਕੁਤੁਬ ਮੀਨਾਰ ਸਟੇਸ਼ਨ ਦੇ ਪਲੇਟਫਾਰਮ ਨੰਬਰ 1 ‘ਤੇ ਉਤਰ ਗਿਆ। ਸਟੇਸ਼ਨ ਤੋਂ ਬਾਹਰ ਨਿਕਲਣ ਦੀ ਕਾਹਲੀ ਵਿੱਚ, ਉਸਨੇ ਕਿਸੇ ਹੋਰ ਪਲੇਟਫਾਰਮ ‘ਤੇ ਪਹੁੰਚਣ ਲਈ ਪੌੜੀਆਂ ਜਾਂ ਐਸਕੇਲੇਟਰ ਦੀ ਵਰਤੋਂ ਕਰਨ ਦੀ ਬਜਾਏ ਟਰੈਕ ਪਾਰ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਉਹ ਰੇਲਗੱਡੀ ਦੀ ਚਪੇਟ ‘ਚ ਆ ਗਿਆ।







