ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ, ਨਵੰਬਰ 29
17 ਦਿਨਾਂ ਬਾਅਦ ਉੱਤਰਾਖੰਡ ਦੀ ਸਿਲਕਿਆਰਾ ਸੁਰੰਗ ਤੋਂ ਬਚਾਏ ਗਏ ਮਜ਼ਦੂਰਾਂ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟੈਲੀਫੋਨ ‘ਤੇ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰਾਖੰਡ ਦੇ ਸਿਲਕਿਆਰਾ ਸੁਰੰਗ ਤੋਂ ਸੁਰੱਖਿਅਤ ਬਾਹਰ ਕੱਢੇ ਗਏ ਸਾਰੇ 41 ਮਜ਼ਦੂਰਾਂ ਦਾ ਹਾਲ-ਚਾਲ ਪੁੱਛਿਆ। ਉਨ੍ਹਾਂ ਵਰਕਰਾਂ ਨਾਲ ਘੰਟਿਆਂਬੱਧੀ ਫੋਨ ‘ਤੇ ਗੱਲਬਾਤ ਕੀਤੀ।
ਗੱਲਬਾਤ ਦੌਰਾਨ ਉਨ੍ਹਾਂ ਨੇ ਸਭ ਤੋਂ ਪਹਿਲਾਂ ਵਰਕਰਾਂ ਨੂੰ ਵਧਾਈ ਦਿੱਤੀ ਕਿ 17 ਦਿਨਾਂ ਬਾਅਦ ਸਾਰੇ 41 ਵਰਕਰ ਸੁਰੱਖਿਅਤ ਸੁਰੰਗ ਤੋਂ ਬਾਹਰ ਆ ਸਕੇ। ਪੀਐਮ ਮੋਦੀ ਨੇ ਸੁਰੰਗ ‘ਚ ਫਸੇ ਮਜ਼ਦੂਰਾਂ ਦੀ ਅਗਵਾਈ ਕਰਨ ਵਾਲੇ ਸ਼ਬਾ ਅਹਿਮਦ ਤੇ ਗੱਭਰ ਸਿੰਘ ਨਾਲ ਫ਼ੋਨ ‘ਤੇ ਗੱਲ ਕੀਤੀ।
ਪੀਐੱਮ ਮੋਦੀ ਨੇ ਕਿਹਾ ਕਿ ਇਹ ਕੇਦਾਰਨਾਥ ਬਾਬਾ ਤੇ ਭਗਵਾਨ ਬਦਰੀਨਾਥ ਦਾ ਆਸ਼ੀਰਵਾਦ ਸੀ ਕਿ ਸਾਰੇ ਵਰਕਰ ਸੁਰੰਗ ‘ਚੋਂ ਸੁਰੱਖਿਅਤ ਬਾਹਰ ਆ ਸਕੇ। ਸ਼ਬਾ ਅਹਿਮਦ ਨੇ ਸੁਰੰਗ ‘ਚ ਬਿਤਾਏ 17 ਦਿਨਾਂ ਦਾ ਆਪਣਾ ਅਨੁਭਵ ਸਾਂਝਾ ਕਰਦੇ ਹੋਏ ਪੀਐਮ ਮੋਦੀ ਨੂੰ ਕਿਹਾ ਕਿ “ਸਰ, ਅਸੀਂ ਲਗਪਗ 18 ਦਿਨਾਂ ਤਕ ਸੁਰੰਗ ‘ਚ ਫਸੇ ਰਹੇ, ਪਰ ਕਦੇ ਘਬਰਾਏ ਨਹੀਂ। ਅਸੀਂ ਸੁਰੰਗ ਵਿੱਚ 41 ਲੋਕ ਫਸੇ ਹੋਏ ਸੀ। ਉਨ੍ਹਾਂ ਅੱਗੇ ਦੱਸਿਆ ਕਿ ਜਦੋਂ ਖਾਣਾ ਮਿਲਦਾ ਸੀ ਤਾਂ ਅਸੀਂ ਸਾਰੇ ਇਸ ਨੂੰ ਵੰਡ ਕੇ ਖਾਂਦੇ ਸੀ। ਰਾਤ ਨੂੰ ਖਾਣਾ ਖਾਣ ਤੋਂ ਬਾਅਦ ਸਾਰੇ ਲੋਕ ਪੈਦਲ ਹੀ ਸੈਰ ਕਰਦੇ ਸਨ। ਇਹ ਸੁਰੰਗ 2.5 ਕਿਲੋਮੀਟਰ ਲੰਬੀ ਸੀ। ਇਸ ਦੇ ਨਾਲ ਹੀ ਅਸੀਂ ਸਾਰੇ ਮਜ਼ਦੂਰ ਸਵੇਰੇ ਯੋਗਾ ਕਰਦੇ ਸੀ।
ਉਨ੍ਹਾਂ ਅੱਗੇ ਕਿਹਾ ‘ਮੈਂ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਤੇ ਸੜਕੀ ਆਵਾਜਾਈ ਅਤੇ ਰਾਜਮਾਰਗ ਰਾਜ ਮੰਤਰੀ ਜਨਰਲ ਵੀਕੇ ਸਿੰਘ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਦੋਵੇਂ ਹਮੇਸ਼ਾ ਵਰਕਰਾਂ ਦੇ ਸੰਪਰਕ ਵਿੱਚ ਰਹੇ। ਉਹ ਲਗਾਤਾਰ ਸਾਡਾ ਹਾਲ-ਚਾਲ ਪੁੱਛਦੇ ਰਹੇ।







