ਬਠਿੰਡਾ ‘ਚ ਜੰਗਲਾਤ ਵਿਭਾਗ ਦੀ ਕੰਧ ‘ਤੇ ਲਿਖੇ ਖ਼ਾਲਿਸਤਾਨੀ ਨਾਅਰੇ

ਫੈਕਟ ਸਮਾਚਾਰ ਸੇਵਾ

ਬਠਿੰਡਾ , ਅਕਤੂਬਰ 2

ਬਠਿੰਡਾ ਵਿਖੇ ਜੰਗਲਾਤ ਵਿਭਾਗ ਦੀ ਕੰਧ ਤੇ ਖ਼ਾਲਿਸਤਾਨ ਜ਼ਿੰਦਾਬਾਦ, ਪਾਕਿਸਤਾਨ ਜ਼ਿੰਦਾਬਾਦ, ਮੁਸਲਿਮ-ਸਿੱਖ ਭਾਈ-ਭਾਈ ਦੇ ਨਾਅਰੇ ਲਿਖੇ ਗਏ। ਇਸ ਦੀ ਜਾਣਕਾਰੀ ਮਿਲਦਿਆਂ ਹੀ ਜੰਗਲਾਤ ਵਿਭਾਗ ਦੇ ਕਰਮਚਾਰੀਆਂ ਵਲੋਂ ਇਨ੍ਹਾਂ ਨੂੰ ਮਿਟਾ ਦਿੱਤਾ ਗਿਆ। ਨਾਅਰੇ ਮਿਟਾ ਰਹੇ ਕਰਮਚਾਰੀਆਂ ਨੇ ਦੱਸਿਆ ਕਿ ਸਾਨੂੰ ਪਤਾ ਲੱਗਾ ਹੈ ਕਿ ਇਹ ਪੰਜ ਵਜੇ ਕੋਈ ਵਿਅਕਤੀ ਇਹ ਨਾਅਰੇ ਲਿਖ ਕੇ ਚਲਾ ਗਿਆ ਅਤੇ ਸਾਨੂੰ ਅਧਿਕਾਰੀਆਂ ਨੇ ਕਿਹਾ ਹੈ ਕਿ ਇਨ੍ਹਾਂ ਨੂੰ ਮਿਟਾ ਦਿੱਤਾ ਜਾਵੇ।

ਬਠਿੰਡਾ ਸ਼ਹਿਰ ਦੇ ਬਾਹਰਲੇ ਖੇਤਰ ਸਰਹਿੰਦ ਨਹਿਰ ਨੇੜੇ ਸ਼ਰਾਰਤੀ ਅਨਸਰਾਂ ਵੱਲੋਂ ਖ਼ਾਲਿਸਤਾਨੀ ਪੱਖੀ ਨਾਅਰੇ ਲਿਖੇ ਗਏ ਹਨ। ਸਰਹਿੰਦ ਨਹਿਰ ਤੇ ਜੋਗਾਨੰਦ ਰੋਡ ਨੂੰ ਜੋੜਨ ਵਾਲੇ ਪੁਲ ਨੇੜੇ ਬਣੀਆਂ ਪਾਣੀ ਵਾਲੀਆਂ ਛੋਟੀਆਂ ਟੈਂਕੀਆਂ ਉਪਰ ਸ਼ਰਾਰਤੀ ਅਨਸਰਾਂ ਨੇ ਲਿਖਿਆ ਹੈ- ‘ਪੰਜਾਬ ਦਾ ਹੱਲ ਖ਼ਾਲਿਸਤਾਨ’, ‘ਹਿੰਦੋਸਤਾਨ ਮੁਰਦਾਬਾਦ’ ਤੇ ਇਸ ਦੇ ਹੇਠਾਂ ‘ਸਿੱਖ ਫਾਰ ਜਸਟਿਸ’ ਅੰਗਰੇਜ਼ੀ ‘ਚ ਲਿਖਿਆ ਗਿਆ ਹੈ। ਘਟਨਾ ਦਾ ਪਤਾ ਲੱਗਦਿਆਂ ਹੀ ਥਾਣਾ ਥਰਮਲ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਖ਼ਾਲਿਸਤਾਨੀ ਨਾਅਰਿਆਂ ਨੂੰ ਮਿਟਾ ਦਿੱਤਾ। ਇੱਥੇ ਬਣੀਆਂ ਪਾਣੀ ਵਾਲੀਆਂ ਟੈਂਕੀਆਂ ਤੋਂ ਬਹੁਤ ਸਾਰੇ ਲੋਕ ਪਾਣੀ ਭਰ ਕੇ ਲੈ ਜਾਂਦੇ ਹਨ। ਅੱਜ ਜਦੋਂ ਲੋਕ ਪਾਣੀ ਭਰਨ ਲਈ ਉੱਥੇ ਪੁੱਜੇ ਤਾਂ ਉਨ੍ਹਾਂ ਖ਼ਾਲਿਸਤਾਨੀ ਪੱਖੀ ਨਾਅਰੇ ਲਿਖੇ ਹੋਏ ਦੇਖੇ ਜਿਸ ਤੋਂ ਬਾਅਦ ਪੁਲਿਸ ਨੂੰ ਇਸਦੀ ਸੂਚਨਾ ਦਿੱਤੀ ਗਈ। ਥਾਣਾ ਥਰਮਲ ਦੀ ਪੁਲਿਸ ਨੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।

ਇਸ ਤੋਂ ਇਲਾਵਾ ਸਿੱਖ ਫਾਰ ਜਸਟਿਸ ਦੇ ਆਗੂ ਨੇ ਇੱਕ ਵੀਡੀਓ ਜਾਰੀ ਕਰ ਕੇ ਦਾਅਵਾ ਕੀਤਾ ਹੈ ਕਿ ਬਠਿੰਡਾ ਦੇ ਫੋਰੈਸਟ ਦਫ਼ਤਰ ਦੇ ਬਾਹਰ ਵੀ ਪਾਕਿਸਤਾਨ ਜ਼ਿੰਦਾਬਾਦ, ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਸਿੱਖ ਫਾਰ ਜਸਟਿਸ ਵੱਲੋਂ ਲਿਖੇ ਗਏ ਹਨ। ਇਸ ਤੋਂ ਇਲਾਵਾ ਸਿੱਖ ਮੁਸਲਮਾਨ ਭਾਈ ਭਾਈ ਦੇ ਨਾਅਰੇ ਵੀ ਲਿਖੇ ਗਏ ਹਨ।

Leave a Reply

Your email address will not be published. Required fields are marked *

View in English