ਫੈਕਟ ਸਮਾਚਾਰ ਸੇਵਾ
ਹੈਦਰਾਬਾਦ , ਸਤੰਬਰ 22
ਹੈਦਰਾਬਾਦ ਦੇ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ‘ਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਤੀਜਾ ਟੀ-20 ਖੇਡਿਆ ਜਾਵੇਗਾ। 25 ਸਤੰਬਰ ਨੂੰ ਹੋਣ ਵਾਲੇ ਇਸ ਮੈਚ ਤੋਂ ਪਹਿਲਾਂ ਟਿਕਟਾਂ ਦੀ ਵਿਕਰੀ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ ਸੀ। ਜਿਮਖਾਨਾ ਮੈਦਾਨ ਦੇ ਬਾਹਰ ਲੋਕ ਟਿਕਟਾਂ ਖਰੀਦਣ ਲਈ ਇਕੱਠੇ ਹੋਏ। ਇਸ ਤੋਂ ਬਾਅਦ ਭਗਦੜ ਮੱਚ ਗਈ। ਟਿਕਟਾਂ ਦੀ ਵਿਕਰੀ ਦੌਰਾਨ ਹਫੜਾ-ਦਫੜੀ ਮੱਚ ਗਈ। ਅਜਿਹੇ ‘ਚ ਕ੍ਰਿਕਟ ਪ੍ਰੇਮੀਆਂ ਨੂੰ ਕੰਟਰੋਲ ਕਰਨ ਲਈ ਪੁਲੀਸ ਨੂੰ ਲਾਠੀਚਾਰਜ ਕਰਨਾ ਪਿਆ। ਇਸ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਇਸ ‘ਚ ਚਾਰ ਲੋਕ ਜ਼ਖਮੀ ਵੀ ਹੋਏ ਹਨ।
ਇਸ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਸਾਹਮਣੇ ਆ ਚੁੱਕੀਆਂ ਹਨ। ਜਾਣਕਾਰੀ ਅਨੁਸਾਰ ਪ੍ਰਸ਼ੰਸਕ ਸਾਰੀ ਰਾਤ ਜਿਮਖਾਨਾ ਗਰਾਊਂਡ ਦੇ ਬਾਹਰ ਲਾਈਨ ਵਿੱਚ ਖੜ੍ਹੇ ਰਹੇ ਤਾਂ ਜੋ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਟਿਕਟਾਂ ਮਿਲ ਸਕਣ। ਕੁਝ ਟਵੀਟਸ ਦੇ ਅਨੁਸਾਰ ਪ੍ਰਸ਼ੰਸਕ ਲਗਭਗ 12 ਘੰਟਿਆਂ ਤੋਂ ਲਾਈਨ ਵਿੱਚ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਸਨ। ਭਾਰੀ ਭੀੜ ਕਾਰਨ ਜਾਮ ਵੀ ਲੱਗ ਗਿਆ। ਇਸ ਤੋਂ ਬਾਅਦ ਪੁਲਿਸ ਬੁਲਾਉਣੀ ਪਈ। ਭੀੜ ਨੂੰ ਕੰਟਰੋਲ ਕਰਨ ਲਈ ਪੁਲਿਸ ਨੂੰ ਲਾਠੀਚਾਰਜ ਕਰਨਾ ਪਿਆ। ਜਾਣਕਾਰੀ ਅਨੁਸਾਰ ਅੱਜ ਸਵੇਰੇ 10 ਵਜੇ ਤੋਂ ਟਿਕਟਾਂ ਦੀ ਵਿਕਰੀ ਸ਼ੁਰੂ ਹੋ ਗਈ ਸੀ ਅਤੇ ਦੇਖਦੇ ਹੀ ਦੇਖਦੇ ਭਗਦੜ ਮੱਚ ਗਈ। ਸੋਸ਼ਲ ਮੀਡੀਆ ‘ਤੇ ਪ੍ਰਸ਼ੰਸਕ ਵੀ ਪੁਲਿਸ ਵੱਲੋਂ ਕੀਤੇ ਗਏ ਲਾਠੀਚਾਰਜ ਦਾ ਵਿਰੋਧ ਕਰ ਰਹੇ ਹਨ। ਉਹ ਹੈਦਰਾਬਾਦ ਕ੍ਰਿਕਟ ਸੰਘ ਦੇ ਪ੍ਰਧਾਨ ਦੇ ਅਸਤੀਫੇ ਦੀ ਵੀ ਮੰਗ ਕਰ ਰਹੇ ਹਨ।







