ਬਲਾਚੌਰ ’ਚ ਬਲਾਕ ਪੱਧਰੀ ਖੇਡਾਂ ਦੀ ਸ਼ਾਨਦਾਰ ਸ਼ੁਰੂਆਤ
ਫੈਕਟ ਸਮਾਚਾਰ ਸੇਵਾ
ਬਲਾਚੌਰ, ਸਤੰਬਰ
ਪੰਜਾਬ ਦੀ ਭਗਵੰਤ ਮਾਨ ਸਰਕਾਰ ਸੂਬੇ ਨੂੰ ਪਹਿਲਾਂ ਜਿਹਾ ਹੱਸਦਾ-ਵੱਸਦਾ ਤੇ ਖੁਸ਼ੀਆਂ ’ਚ ਰੰਗਿਆ ਪੰਜਾਬ ਬਣਾਉਣ ਲਈ ਪ੍ਰਗਟਾਈ ਵਚਨਬੱਧਤਾ ਦੀ ’ਤੇ ਕਾਇਮ ਹੈ ਅਤੇ ‘ਖੇਡਾਂ ਵਤਨ ਪੰਜਾਬ ਦੀਆਂ’ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਦੀਆਂ ਕੋਸ਼ਿਸ਼ਾਂ ਦਾ ਅਹਿਮ ਹਿੱਸਾ ਹੈ।
ਇਹ ਪ੍ਰਗਟਾਵਾ ਐਮ ਐਲ ਏ ਬਲਾਚੌਰ ਸੰਤੋਸ਼ ਕਟਾਰੀਆ ਨੇ ਅੱਜ ਬਾਬਾ ਬਲਰਾਜ ਸਟੇਡੀਅਮ ਬਲਾਚੌਰ ਵਿਖੇ ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਬਲਾਕ ਬਲਾਚੌਰ ਦੇ ਖੇਡ ਮੁਕਾਬਲਿਆਂ ਦੀ ਸ਼ੁਰੂਆਤ ਕਰਵਾਉਣ ਮੌਕੇ ਕੀਤਾ। ਇਸ ਮੌਕੇ ਜ਼ਿਲ੍ਹੇ ਦੇ ਡੀ ਸੀ ਨਵਜੋਤ ਪਾਲ ਸਿੰਘ ਰੰਧਾਵਾ, ਐਸ ਐਸ ਪੀ ਭਾਗੀਰਥ ਸਿੰਘ ਮੀਣਾ, ਐਸ ਡੀ ਐਮ ਸੂਬਾ ਸਿੰਘ, ਡੀ ਐਸ ਪੀ ਦਵਿੰਦਰ ਸਿੰਘ ਤੇ ਤਹਿਸੀਲਦਾਰ ਰਵਿੰਦਰ ਬਾਂਸਲ ਵੀ ਮੌਜੂਦ ਸਨ।

ਵਿਧਾਇਕਾ ਕਟਾਰੀਆ ਨੇ ਕਿਹਾ ਕਿ ਪੰਜਾਬ ਦੀ ਨੌਜੁਆਨੀ ਨੂੰ ਸੰਭਾਲ ਕੇ ਹੀ ਪੰਜਾਬ ’ਚ ਖੁਸ਼ਹਾਲੀ ਤੇ ਤਰੱਕੀ ਲਿਆਂਦੀ ਜਾ ਸਕਦੀ ਹੈ। ਨੌਜੁਆਨਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਖੇਡ ਗਤੀਵਿਧੀਆਂ ’ਚ ਲਾਉਣ ਨਾਲ ਅਸੀਂ ਪੰਜਾਬ ਨੂੰ ਵੀ ਸਿਹਤਮੰਦ ਬਣਾ ਸਕਦੇ ਹਾਂ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਨੂੰ ਬੁਲੰਦੀਆਂ ’ਤੇ ਪਹੁੰਚਾਉਣ ਲਈ ਹਰ ਸੰਭਵ ਯਤਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਦੇ ਇਹ ਖਿਡਾਰੀ ਕਲ੍ਹ ਦੇ ਅੰਤਰ ਰਾਸ਼ਟਰੀ ਖਿਡਾਰੀ ਬਣਨਗੇ ਤੇ ਸੂਬੇ ਦਾ ਨਾਮ ਰੌਸ਼ਨ ਕਰਨਗੇ।
ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਇਸ ਮੌਕੇ ਆਖਿਆ ਕਿ ਖੇਡਾਂ ਇਕੱਲਾ ਸਰੀਰਕ ਤੰਦਰੁਸਤੀ ਦਾ ਕਾਰਨ ਹੀ ਨਹੀਂ ਬਣਦੀਆਂ ਬਲਕਿ ਸਾਨੂੰ ਇੱਕ ਟੀਮ ਦੇ ਰੂਪ ’ਚ ਕੰਮ ਕਰਨਾ ਵੀ ਸਿਖਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਖੇਡਾਂ ਸਾਨੂੰ ਜ਼ਿੰਦਗੀ ’ਚ ਅਨੁਸ਼ਾਸਿਤ ਰਹਿ ਕੇ ਅੱਗੇ ਵਧਣਾ ਵੀ ਦੱਸਦੀਆਂ ਹਨ।
ਐਸ ਐਸ ਪੀ ਭਾਗੀਰਥ ਸਿੰਘ ਮੀਣਾ ਨੇ ਕਿਹਾ ਕਿ ਇਨ੍ਹਾਂ ਖੇਡਾਂ ਦਾ ਵੱਡਾ ਲਾਭ ਨੌਜੁਆਨੀ ਨੂੰ ਨਸ਼ਿਆਂ ਤੋਂ ਦੂਰ ਰੱਖਣ ’ਚ ਮਿਲੇਗਾ। ਨੌਜੁਆਨਾਂ ਨੂੰ ਦੋ ਮਹੀਨੇ ਮੈਦਾਨਾਂ ’ਚ ਜੂਝਣ ਦਾ ਮੌਕਾ ਮਿਲੇਗਾ ਅਤੇ ਉਨ੍ਹਾਂ ’ਚ ਮੁਕਾਬਲੇ ਦੀ ਭਾਵਨਾ ਪੈਦਾ ਹੋਵੇਗੀ। ਜ਼ਿਲ੍ਹਾ ਖੇਡ ਅਫਸਰ ਹਰਪਿੰਦਰ ਸਿੰਘ ਨੇ ਇਸ ਮੌਕੇ ਮੁੱਖ ਮਹਿਮਾਨ ਦਾ ਸੁਆਗਤ ਕੀਤਾ ਅਤੇ ਦੱਸਿਆ ਕਿ ਅੱਜ ਬਲਾਚੌਰ ਦੇੇ ਨਾਲ-ਨਾਲ ਸੜੋਆ ਬਲਾਕ ਦੀਆਂ ਖੇਡਾਂ ਵੀ ਸ਼ੁਰੂ ਕਰਵਾਈਆਂ ਗਈਆਂ ਹਨ ਜੋ ਕਲ੍ਹ ਨੂੰ ਸੰਪੂਰਨ ਹੋਣਗੀਆਂ।
ਉਨ੍ਹਾਂ ਬਲਾਚੌਰ ਬਲਾਕ ਦੇ ਅੱਜ ਪਹਿਲੇ ਦਿਨ ਦੇ ਖੇਡ ਨਤੀਜਿਆਂ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਕਬੱਡੀ ਸਰਕਲ ਸਟਾਈਲ ’ਚ ਅੰਡਰ-14 ਵਿਚ ਰੱਤੇਵਾਲ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਪਿੰਡ ਪਨਿਆਲੀ ਕਲਾਂ ਦੀ ਕਬੱਡੀ ਟੀਮ ਨੇ ਪਹਿਲਾ ਸਥਾਨ, ਪਿੰਡ ਰੱਤੇਵਾਲ ਦੀ ਟੀਮ ਨੇ ਦੂਜਾ ਸਥਾਨ ਅਤੇ ਪਿੰਡ ਥੋਪੀਆ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-21 ਵਿਚ ਰੱਤੇਵਾਲ ਦੀ ਟੀਮ ਪਹਿਲੇ ਸਥਾਨ ’ਤੇ ਰਹੀ।
ਖੋਹ-ਖੋਹ ’ਚ ਅੰਡਰ-17 ਲੜਕੀਆਂ ’ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਹੂਣ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅੰਡਰ-14 ਲੜਕੇ ’ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿੰਦੀਪੁਰ ਦੀ ਟੀਮ ਜੇਤੂ ਰਹੀ।
ਕਬੱਡੀ ਨੈਸ਼ਨਲ ਸਟਾਈਲ ’ਚ ਬੀ ਏ ਵੀ ਅਕੈਡਮੀ ਬਲਾਚੌਰ ਦੀ ਟੀਮ ਪਹਿਲੇ ਸਥਾਨ ’ਤੇ ਰਹੀ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿੰਦੀਪੁਰ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਲੜਕੀਆਂ ਦੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬਲਾਚੌਰ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਪਿੰਡ ਮਹਿੰਦੀਪੁਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਲੜਕੇ ’ਚ ਬੀ ਏ ਵੀ ਸਕੂਲ ਬਲਾਚੌਰ ਦੀ ਟੀਮ ਪਹਿਲੇ ਸਥਾਨ ’ਤੇ ਰਹੀ। ਅੰਡਰ-14 ਲੜਕੀਆਂ ਦੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿੰਦੀਪੁਰ ਦੀ ਟੀਮ ਪਹਿਲੇ ਸਥਾਨ ’ਤੇ ਰਹੀ।
ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ ਨੇ ਇਸ ਮੌਕੇ ਬੀ ਏ ਵੀ ਸਕੂਲ ਬਲਾਚੌਰ ਦੇ ਪ੍ਰਬੰਧਕਾਂ ਅਤੇ ਪਿ੍ਰੰਸੀਪਲ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਇਸ ਮੌਕੇ ਖੇਡ ਕਨਵੀਨਰ ਸੁਖਵਿਦੰਰ ਸਿੰਘ ਫੌਜੀ, ਅਸ਼ੋਕ ਅਗਨੀਹੋਤਰੀ ਤੇ ਵਿਭਾਗ ਦੇ ਕੋਚ ਤੇ ਵੱਡੀ ਗਿਣਤੀ ’ਚ ਖਿਡਾਰੀ ਮੌਜੂਦ ਸਨ।







