ਫੈਕਟ ਸਮਾਚਾਰ ਸੇਵਾ
ਐਸ.ਏ.ਐਸ ਨਗਰ , ਸਤੰਬਰ 7
ਗਾਵਾਂ ਦੀ ਸੇਵਾ-ਸੰਭਾਲ ਅਤੇ ਉਨ੍ਹਾਂ ਦੀ ਭਲਾਈ ਵਾਸਤੇ ਕੰਮ ਕਰਨ ਲਈ ਅਸ਼ੋਕ ਕੁਮਾਰ ਸਿੰਗਲਾ (ਲੱਖਾ) ਨੇ ਚੇਅਰਮੈਨ ਪੰਜਾਬ ਗਊ ਸੇਵਾ ਕਮਿਸ਼ਨ ਵਜੋਂ ਅੱਜ ਵਣ ਕੰਪਲੈਕਸ ਸੈਕਟਰ 68 ਮੋਹਾਲੀ ਵਿਖੇ ਅਹੁੱਦਾ ਸੰਭਾਲਿਆ। ਇਸ ਤੋਂ ਪਹਿਲਾ ਉਹ ਸਮਾਜ ਸੇਵੀ ਵਜੋਂ ਅਪਣੀਆਂ ਸੇਵਾਵਾਂ ਨਿਭਾ ਰਹੇ ਸਨ। ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਮਾਤਾ ਹਰਪਾਲ ਕੌਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਤੋਂ ਇਲਾਵਾ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਕੈਬਨਿਟ ਮੰਤਰੀ ਲਾਲਜੀਤ ਭੁੱਲਰ ,ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਵੀ ਚਾਰਜ ਸੰਭਾਲ ਸਮਾਗਮ ਵਿੱਚ ਸ਼ਿਰਕਤ ਕੀਤੀ ਗਈ।

ਜਾਣਕਾਰੀ ਦਿੰਦੇ ਹੋਏ ਅਸ਼ੋਕ ਕੁਮਾਰ ਸਿੰਗਲਾ (ਲੱਖਾ) ਨੇ ਦੱਸਿਆ ਕਿ ਗਾਂ ਭਾਰਤੀ ਸੱਭਿਆਚਾਰ ਦੀ ਰੀੜ੍ਹ ਦੀ ਹੱਡੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਾਈ ਕਮਾਂਡ ਵੱਲੋਂ ਗਊਆਂ ਦੀ ਸਾਂਭ ਸੰਭਾਲ ਲਈ ਮੇਰੀ ਜ਼ਿੰਮੇਵਾਰੀ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਮੈਂ ਆਪਣਾ ਕੰਮ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਕਰਾਂਗਾ। ਉਨ੍ਹਾਂ ਦੱਸਿਆ ਮੈਨੂੰ ਖ਼ੁਸ਼ੀ ਹੈ ਕਿ ਮੈਨੂੰ ਗਊਆਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਸਾਡਾ ਇਹ ਪ੍ਰਮੁੱਖ ਕੰਮ ਹੋਵੇਗਾ ਕਿ ਗਊਆਂ ਦੀ ਸਾਂਭ-ਸੰਭਾਲ, ਹਰਾ ਚਾਰਾ, ਸਾਫ਼ ਪਾਣੀ, ਬਿਜਲੀ ਅਤੇ ਖਾਸ ਕਰਕੇ ਗਊਆਂ ਦੇ ਮੈਡੀਕਲ ਸਬੰਧੀ ਹੋਰ ਪੁਖਤਾ ਪ੍ਰਬੰਧ ਕੀਤੇ ਜਾਣ।

ਉਨ੍ਹਾਂ ਕਿਹਾ ਕਿ ਬਤੌਰ ਚੇਅਰਮੈਨ ਪੰਜਾਬ ਗਊ ਸੇਵਾ ਕਮਿਸ਼ਨ ਹੋਣ ਦੇ ਨਾਤੇ ਮੇਰਾ ਇਹ ਪ੍ਰਮੁੱਖ ਕੰਮ ਹੋਵੇਗਾ ਕਿ ਸੜਕਾਂ ਉਪਰ ਘੁੰਮ ਰਹੇ ਆਵਾਰਾ ਪਸ਼ੂਆਂ ਦੀ ਸਾਂਭ ਸੰਭਾਲ ਅਤੇ ਉਨ੍ਹਾਂ ਨੂੰ ਗਊਸ਼ਾਲਾ ਵਿੱਚ ਵਧੇਰੇ ਸਹੂਲਤਾਂ ਦੇਣ ਨੂੰ ਯਕੀਨੀ ਬਣਾਇਆ ਜਾਵੇ। ਇਸ ਦੌਰਾਨ ਉਨ੍ਹਾਂ ਪੰਜਾਬ ਸਰਕਾਰ ਹਾਈ ਕਮਾਨ ਦਾ ਧੰਨਵਾਦ ਕੀਤਾ।
ਇਸ ਮੌਕੇ ਹਲਕਾ ਵਿਧਾਇਕ ਮਹਿਲ ਕਲਾਂ ਕੁਲਵੰਤ ਸਿੰਘ ਪੰਡੋਰੀ, ਹਲਕਾ ਵਿਧਾਇਕ ਬਲਾਚੌਰ ਸੰਤੋਸ਼ ਕਟਾਰੀਆ,ਹਲਕਾ ਵਿਧਾਇਕ ਸੰਗਰੂਰ ਨਰਿੰਦਰ ਕੌਰ ਭਰਾਜ ਅਤੇ ਹੋਰ ਅਧਿਕਾਰੀ ਹਾਜ਼ਰ ਸਨ ।







